ਸਕੂਲੀ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਤੇ ਡ੍ਰਾਈਵਿੰਗ ਲਾਇਸੈਂਸ ਸੇਵਾਵਾਂ ਬਾਰੇ ਕੀਤਾ ਜਾਗਰੂਕ
- by Jasbeer Singh
- October 24, 2025
ਸਕੂਲੀ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਤੇ ਡ੍ਰਾਈਵਿੰਗ ਲਾਇਸੈਂਸ ਸੇਵਾਵਾਂ ਬਾਰੇ ਕੀਤਾ ਜਾਗਰੂਕ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਵੱਲੋਂ ਸੁਤੰਤਰਤਾ ਸੰਗਰਾਮੀ ਜੱਥੇਦਾਰ ਕਰਤਾਰ ਸਿੰਘ ਦਰਵੇਸ਼ ਸਕੂਲ ਆਫ ਐਮੀਨੈਂਸ ਵਿਖੇ ਜਾਗਰੂਕਤਾ ਪ੍ਰੋਗਰਾਮ ਸੰਗਰੂਰ, 24 ਅਕਤੂਬਰ 2025 : ਰੀਜਨਲ ਟਰਾਂਸਪੋਰਟ ਅਫਸਰ ਸ਼੍ਰੀ ਨਮਨ ਮਾਰਕਨ ਵਲੋਂ ਜਾਣਕਾਰੀ ਦਿੱਤੀ ਗਈ ਕਿ ਸੰਗਰੂਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ‘ਚ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਅਤੇ ਸੁਰੱਖਿਆ ਸਬੰਧੀ ਸਿਖਲਾਈ ਦੇਣ ਲਈ ਅਧਿਕਾਰੀਆਂ ਦੀ ਡਿਊਟੀ ਤੈਅ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਪਹਿਲ ਨਾਲ ਵਿਦਿਆਰਥੀਆਂ ਵਿਚ ਸੜਕ ਸੁਰੱਖਿਆ ਪ੍ਰਤੀ ਜਾਗਰੂਕਤਾ ਵਧੇਗੀ ਅਤੇ ਭਵਿੱਖ ਵਿਚ ਉਹ ਜ਼ਿੰਮੇਵਾਰ ਡਰਾਈਵਰ ਸਾਬਤ ਹੋਣਗੇ । ਇਸੇ ਤਹਿਤ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ, ਸੰਗਰੂਰ ਵੱਲੋਂ ਸੁਤੰਤਰਤਾ ਸੰਗਰਾਮੀ ਜੱਥੇਦਾਰ ਕਰਤਾਰ ਸਿੰਘ ਦਰਵੇਸ਼ ਸਕੂਲ ਆਫ ਐਮੀਨੈਂਸ, ਸੰਗਰੂਰ ਵਿਖੇ ਵਿਦਿਆਰਥੀਆਂ ਲਈ ਟ੍ਰੈਫਿਕ ਸੁਰੱਖਿਆ ਅਤੇ ਡ੍ਰਾਈਵਿੰਗ ਲਾਇਸੈਂਸ ਸੇਵਾਵਾਂ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਕਰਨਬੀਰ ਸਿੰਘ ਅਤੇ ਸ. ਗੁਰਜੀਤ ਸਿੰਘ, ਸਹਾਇਕ ਰੀਜਨਲ ਟਰਾਂਸਪੋਰਟ ਅਫਸਰ, ਸੰਗਰੂਰ ਵੱਲੋਂ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਸੜਕ ਸੁਰੱਖਿਆ ਨਾਲ ਜੁੜੇ ਅਹਿਮ ਨਿਯਮਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਹਰ ਇਕ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੈ । ਸੁਰੱਖਿਆ ਹੈਲਮਟ ਪਹਿਨਣਾ, ਸੀਟ ਬੈਲਟ ਲਗਾਉਣਾ, ਤੇਜ਼ ਰਫ਼ਤਾਰ ਅਤੇ ਮੋਬਾਈਲ ਵਰਤੋਂ ਤੋਂ ਬਚਣਾ ਹਰ ਡਰਾਈਵਰ ਲਈ ਅਤਿਅੰਤ ਜ਼ਰੂਰੀ ਹੈ । ਉਨ੍ਹਾਂ ਨੇ ਵਿਦਿਆਰਥੀਆਂ ਨੂੰ ਡਰਾਈਵਿੰਗ ਲਾਇਸੈਂਸ ਬਣਾਉਣ ਲਈ ਵੀ ਜਾਗਰੂਕ ਕੀਤਾ । ਉਨ੍ਹਾਂ ਦੱਸਿਆ ਕਿ ਹੁਣ ਟਰਾਂਸਪੋਰਟ ਵਿਭਾਗ ਦੀਆਂ 29 ਸੇਵਾਵਾਂ ਸੇਵਾ ਕੇਂਦਰ ਰਾਹੀਂ ਵੀ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਡਰਾਈਵਿੰਗ ਲਾਇਸੈਂਸ ਨਾਲ ਸਬੰਧਿਤ ਸੇਵਾਵਾਂ ਲਰਨਰ ਲਾਇਸੈਂਸ ਲਈ ਅਰਜ਼ੀ, ਲਰਨਰ ਲਾਇਸੈਂਸ ਵਿੱਚ ਪਤਾ ਬਦਲਣਾ, ਲਰਨਰ ਲਾਇਸੈਂਸ ਵਿੱਚ ਨਾਂ ਬਦਲਣਾ, ਲਰਨਰ ਲਾਇਸੈਂਸ ਦੀ ਨਕਲ ਜਾਰੀ, ਡਰਾਈਵਿੰਗ ਲਾਇਸੈਂਸ ਦੀ ਨਕਲ ਜਾਰੀ, ਡਰਾਈਵਿੰਗ ਲਾਇਸੈਂਸ ਨਵਿਆਉਣਾ (ਟੈਸਟ ਦੀ ਲੋੜ ਨਹੀਂ), ਡਰਾਈਵਿੰਗ ਲਾਇਸੈਂਸ ਦੀ ਬਦਲੀ, ਡਰਾਈਵਿੰਗ ਲਾਇਸੈਂਸ ਵਿੱਚ ਪਤਾ ਬਦਲਣਾ, ਡਰਾਈਵਿੰਗ ਲਾਇਸੈਂਸ ਵਿੱਚ ਨਾਂ ਬਦਲਣਾ, ਡਰਾਈਵਿੰਗ ਲਾਇਸੈਂਸ ਵਿੱਚ ਜਨਮ ਮਿਤੀ ਬਦਲਣਾ, ਲਾਇਸੰਸ ਦੀ ਡਿਟੇਲ ਪ੍ਰਾਪਤੀ, ਲਾਇਸੈਂਸ ਵਿੱਚ ਵਾਹਨ ਸ਼੍ਰੇਣੀ ਛੱਡਣੀ, ਡਰਾਈਵਰ ਲਈ ਪਬਲਿਕ ਸਰਵਿਸ ਵਾਹਨ ਬੈਜ, ਕੰਡਕਟਰ ਲਾਇਸੈਂਸ ਨਵਿਆਉਣਾ, ਲਰਨਰ ਲਾਇਸੈਂਸ ਦੀ ਮਿਆਦ ਵਧਾਉਣਾ ਦੀਆਂ ਸੇਵਾਵਾਂ ਸੇਵਾ ਕੇਂਦਰਾਂ ਤੋਂ ਲਈਆਂ ਜਾ ਸਕਦੀਆਂ ਹਨ । ਇਸ ਮੌਕੇ ਸਕੂਲ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ, ਜਿਨ੍ਹਾਂ ਨੇ ਟਰਾਂਸਪੋਰਟ ਵਿਭਾਗ ਦੀ ਇਸ ਪਹਿਲ ਦੀ ਸਰਾਹਨਾ ਕੀਤੀ ।

