post

Jasbeer Singh

(Chief Editor)

Punjab

ਪਿੰਡ ਕਾਲੀਆ ਦੇ 2150 ਏਕੜ ਵਾਧੂ ਰਕਬੇ ਨੂੰ ਮਿਲੇਗਾ ਨਹਿਰੀ ਪਾਣੀ

post-img

ਪਿੰਡ ਕਾਲੀਆ ਦੇ 2150 ਏਕੜ ਵਾਧੂ ਰਕਬੇ ਨੂੰ ਮਿਲੇਗਾ ਨਹਿਰੀ ਪਾਣੀ - ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਰੱਖਿਆ ਨੀਂਹ ਪੱਥਰ, ਡੇਢ ਮਹੀਨੇ ਵਿੱਚ ਹੋਵੇਗਾ ਕੰਮ ਮੁਕੰਮਲ - ਸੂਬੇ ਵਿੱਚ ਨਹਿਰੀ ਪਾਣੀ ਦੀ ਵਰਤੋਂ 21 ਫੀਸਦੀ ਤੋਂ 64 ਫੀਸਦੀ ਤੱਕ ਪਹੁੰਚੀ - ਬਰਿੰਦਰ ਕੁਮਾਰ ਗੋਇਲ ਲਹਿਰਾਗਾਗਾ, 12 ਨਵੰਬਰ 2025 : ਪੰਜਾਬ ਦੇ ਜਲ ਸਰੋਤ, ਮਾਈਨਿੰਗ, ਭੂਮੀ ਅਤੇ ਜਲ ਸੰਭਾਲ ਵਿਭਾਗਾਂ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਦੀਆਂ ਕੋਸ਼ਿਸ਼ਾਂ ਸਦਕਾ ਪਿੰਡ ਕਾਲੀਆ ਦੇ 2150 ਏਕੜ ਵਾਧੂ ਰਕਬੇ ਨੂੰ ਜਲਦ ਹੀ ਨਹਿਰੀ ਪਾਣੀ ਦੀ ਸਹੂਲਤ ਮਿਲਣ ਲੱਗੇਗੀ । ਇਸ ਪ੍ਰੋਜੈਕਟ ਦਾ ਬਰਿੰਦਰ ਕੁਮਾਰ ਗੋਇਲ ਨੇ ਪਿੰਡ ਕਾਲੀਆ ਵਿਖੇ ਨੀਂਹ ਪੱਥਰ ਰੱਖਿਆ। ਅਗਲੇ ਡੇਢ ਮਹੀਨੇ ਵਿੱਚ ਮੁਕੰਮਲ ਹੋਣ ਵਾਲੇ ਇਸ ਪ੍ਰੋਜੈਕਟ ਉੱਤੇ 2 ਕਰੋੜ 15 ਲੱਖ 77 ਹਜ਼ਾਰ ਰੁਪਏ ਦੀ ਲਾਗਤ ਆਵੇਗੀ ।  ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪਹਿਲਾਂ ਪਿੰਡ ਕਾਲੀਆ ਦੇ ਖੇਤਾਂ ਨੂੰ ਨਹਿਰੀ ਪਾਣੀ ਨਾਂਮਾਤਰ ਹੀ ਮਿਲਦਾ ਸੀ ਪਰ ਇਹ ਪ੍ਰੋਜੈਕਟ ਚਾਲੂ ਹੋਣ ਨਾਲ ਪਿੰਡ ਦੇ ਹਰ ਖੇਤ ਨੂੰ ਪਾਣੀ ਮਿਲੇਗਾ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਖੇਤ ਨੂੰ ਨਹਿਰੀ ਪਾਣੀ ਨਾਲ ਜੋੜਨ ਦਾ ਕੰਮ ਪੂਰੇ ਜ਼ੋਰਾਂ ਉਤੇ ਚੱਲ ਰਿਹਾ ਹੈ । ਸੂਬੇ ਵਿੱਚ ਜਿਹੜਾ ਨਹਿਰੀ ਪਾਣੀ ਪਹਿਲਾਂ ਸਿਰਫ਼ 21 ਫੀਸਦੀ ਵਰਤਿਆ ਜਾਂਦਾ ਸੀ ਹੁਣ 64 ਫੀਸਦੀ ਪਾਣੀ ਇਕੱਲੇ ਖੇਤਾਂ ਨੂੰ ਹੀ ਮਿਲਣ ਲੱਗਾ ਹੈ । ਇਸ ਕੰਮ ਲਈ ਜਿੱਥੇ ਪੰਜਾਬ ਸਰਕਾਰ ਨੇ ਪਿਛਲੇ ਸਾਲ 3354 ਕਰੋੜ ਖਰਚੇ ਸੀ ਹੁਣ ਇਸ ਸਾਲ ਇਸਤੋਂ ਵੀ ਵੱਧ ਖਰਚ ਰਹੇ ਹਾਂ। ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਬੋਹਾ ਰਜਵਾਹਾ ਦੀ ਬੁਰਜੀ 5283/ਖੱਬਾ ਤੋਂ ਨਿਕਲਦੀ ਮਾਈਨਰ ਨੰਬਰ 1 ਜਿਸ ਦੀ ਕੁੱਲ ਲੰਬਾਈ 9750 ਫੁੱਟ ਹੈ, ਇਸ ਮਾਈਨਰ ਦੀ ਕੰਕਰੀਟ ਲਾਈਨਿੰਗ ਨਾਲ ਮੁੜ ਉਸਾਰੀ ਦਾ ਕੰਮ ਕਰਵਾਇਆ ਜਾ ਰਿਹਾ ਹੈ, ਜਿਸ ਉਪਰ 1 ਕਰੋੜ 5 ਲੱਖ ਰੁਪਏ ਦਾ ਖਰਚਾ ਆਵੇਗਾ । ਮਾਈਨਰ ਦੀ ਪੁਰਾਣੀ ਲਾਈਨਿੰਗ ਨੂੰ ਲਗਭਗ 35 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸੀ, ਜਿਸ ਕਰਕੇ ਲਾਈਨਿੰਗ ਥੋਥੀ ਅਤੇ ਕਮਜੋਰ ਹੋ ਚੁੱਕੀ ਸੀ । ਇਸ ਮਾਈਨਰ ਦੀ ਮੁੜ ਉਸਾਰੀ ਹੋਣ ਨਾਲ ਪਿੰਡ ਕਾਹਨਗੜ ਅਤੇ ਪਿੰਡ ਕਾਲੀਆ ਦਾ ਲਗਭਗ 1800 ਏਕੜ ਰਕਬੇ ਨੂੰ ਨਹਿਰੀ ਪਾਣੀ ਦਾ ਲਾਭ ਹੋਵੇਗਾ । ਉਹਨਾਂ ਕਿਹਾ ਕਿ ਮਾਈਨਰ ਨੰਬਰ 1 ਉਪਰ ਮੌਜੂਦ ਮੋਘਾ ਬੁਰਜੀ 5940/ਖੱਬਾ ਦੇ ਚੱਕ ਵਿਚ ਪਏ ਕੱਚੇ ਖਾਲ ਨੂੰ 54.92 ਲੱਖ ਰੁਪਏ ਨਾਲ ਇੱਟਾਂ ਨਾਲ ਪੱਕਾ ਕਰਨ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ । ਇਸ ਖਾਲ ਦੀ ਕੁੱਲ ਲੰਬਾਈ 10326 ਫੁੱਟ ਹੈ । ਪਹਿਲਾਂ ਇਸ ਮੋਘੇ ਤੋਂ ਪਿੰਡ ਕਾਲੀਆ ਦੇ ਸਿਰਫ 30 ਏਕੜ ਰਕਬੇ ਨੂੰ ਨਹਿਰੀ ਪਾਣੀ ਲਗਦਾ ਸੀ ਅਤੇ ਹੁਣ ਇਸ ਖਾਲ ਦੇ ਬਣਨ ਨਾਲ ਪਿੰਡ ਕਾਲੀਆ ਦੇ 250 ਏਕੜ ਰਕਬੇ ਨੂੰ ਸਿੰਚਾਈ ਲਈ ਨਹਿਰੀ ਪਾਣੀ ਮੁਹੱਈਆ ਹੋਵੇਗਾ । ਇਸੇ ਤਰ੍ਹਾਂ ਮਾਈਨਰ ਨੰਬਰ 1 ਦੀ ਬੁਰਜੀ 9416/ਖੱਬਾ ਤੇ ਮੌਜੂਦ ਮੋਘੇ ਤੋਂ 55.85 ਲੱਖ ਰੁਪਏ ਦੀ ਰਾਸ਼ੀ ਨਾਲ 2501 ਮੀਟਰ ਦੀ ਲੰਬਾਈ ਵਿਚ ਅੰਡਰ ਗਰਾਊਂਡ ਪਾਈਪ-ਲਾਈਨ ਦਾ ਵੀ ਕੰਮ ਕਰਵਾਇਆ ਜਾ ਰਿਹਾ ਹੈ । ਪਹਿਲਾਂ ਇਸ ਮੋਘੇ ਤੋਂ 320 ਏਕੜ ਰਕਬੇ ਨੂੰ ਸਿੰਚਾਈ ਲਈ ਨਹਿਰੀ ਮਿਲਦਾ ਸੀ ਅਤੇ ਇਸ ਪਾਈਪ ਲਾਈਨ ਪੈਣ ਨਾਲ ਲਗਭਗ 100 ਏਕੜ ਹੋਰ ਰਕਬੇ ਨੂੰ ਵੀ ਨਹਿਰੀ ਪਾਣੀ ਸਿੰਚਾਈ ਲਈ ਮੁਹੱਈਆ ਹੋਵੇਗਾ । ਇਸ ਮੌਕੇ ਉਹਨਾਂ ਦੇ ਪੀ. ਏ. ਰਾਕੇਸ਼ ਕੁਮਾਰ ਗੁਪਤਾ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ।

Related Post