ਲੁਧਿਆਣਾ ’ਚ ਗੋਲੀਆਂ ਚਲਾ ਕੇ ਸ਼ੁਭਮ ਨਾਂ ਦੇ ਨੌਜਵਾਨ ਨੂੰ ਕੀਤਾ ਅਗਵਾ
ਲੁਧਿਆਣਾ , 29 ਜੂਨ 2026 : ਪੰਜਾਬ ਦੇ ਜਿਲਾ ਲੁਧਿਆਣਾ (Ludhiana) ਵਿਖੇ ਅੱਜ ਇਕ ਨੌਜਵਾਨ ਨੂੰ ਕਈ ਨੌਜਵਾਨਾਂ ਵਲੋਂ ਗੋਲੀਬਾਰੀ ਕਰਨ ਤੋਂ ਬਾਅਦ ਅਗਵਾ (Kidnapping) ਕਰ ਲੈਣ ਦਾ ਘਟਨਾਕ੍ਰਮ ਵਾਪਰਿਆ ਹੈ ।
10-12 ਵਿਅਕਤੀਆਂ ਨੇ ਹਮਲਾ ਕਰਕੇ ਕੀਤਾ ਇਕ ਨੌਜਵਾਨ ਅਗਵਾ
ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸੈਕਟਰ-32 ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਆਪਸੀ ਰੰਜਿਸ਼ ਦੇ ਚਲਦਿਆਂ 10 ਤੋਂ 12 ਹਮਲਾਵਰਾਂ ਨੇ ਤਿੰਨ ਦੋਸਤਾਂ `ਤੇ ਹਮਲਾ ਕਰ ਦਿੱਤਾ । ਹਮਲਾਵਰਾਂ ਨੇ ਮੌਕੇ `ਤੇ ਗੋਲੀਆਂ ਵੀ ਚਲਾਈਆਂ ਅਤੇ 23 ਸਾਲਾ ਨੌਜਵਾਨ ਨੂੰ ਜ਼ਖਮੀ ਹਾਲਤ ਵਿੱਚ ਹੀ ਇਨੋਵਾ ਕਾਰ ਵਿੱਚ ਅਗਵਾ ਕਰਕੇ ਫਰਾਰ ਹੋ ਗਏ । ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸ਼ਹਿਰ ਭਰ ਵਿੱਚ ਨਾਕਾਬੰਦੀ ਕਰ ਦਿੱਤੀ ਗਈ ਹੈ ।
ਕੀ ਹੈ ਪੂਰਾ ਮਾਮਲਾ
ਲੁਧਿਆਣਾ ਦੇ ਸੈਕਟਰ-32 ਵਿੱਚ ਵਾਪਰੀ ਇਸ ਸਨਸਨੀਖੇਜ਼ ਵਾਰਦਾਤ ਨੇ ਜਿਥੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ, ਉਥੇ ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨ ਦੋਸਤ ਨਿਊਟਰੀ ਕੁਲਚਾ ਖਾਣ ਲਈ ਪਹੁੰਚੇ ਹੋਏ ਸਨ ਕਿ ਇਸੇ ਦੌਰਾਨ 10 ਤੋਂ 12 ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਇਸੇ ਦੌਰਾਨ ਹਮਲਾਵਰਾਂ ਦੋ ਰਾਊਂਡ ਹਵਾਈ ਫਾਇਰਿੰਗ (Air firing) ਵੀ ਕੀਤੀ ਗਈ ।
ਹਮਲੇ ਦੌਰਾਨ ਹਮਲਾਵਰਾਂ ਨੇ ਦੋ ਨੌਜਵਾਨਾਂ ਨਾਲ ਜੰਮ ਕੇ ਕੁੱਟਮਾਰ ਕੀਤੀ, ਜਿਸ ਨਾਲ ਦੋ ਨੌਜਵਾਨ ਜ਼ਖਮੀ ਹੋ ਗਏ । ਜਿਨ੍ਹਾਂ ਵਿੱਚੋਂ ਸ਼ੁਭਮ (Shubham) ਨਾਮ ਦਾ ਨੌਜਵਾਨ ਬੇਹੋਸ਼ ਹੋ ਗਿਆ । ਹਮਲਾਵਰ ਉਸ ਨੂੰ ਜ਼ਖਮੀ ਹਾਲਤ ਵਿੱਚ ਹੀ ਆਪਣੀ ਇਨੋਵਾ ਕਾਰ ਵਿੱਚ ਸੁੱਟ ਕੇ ਮੌਕੇ ਤੋਂ ਫਰਾਰ ਹੋ ਗਏ । ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ (CCTV footage) ਵੀ ਸਾਹਮਣੇ ਆਈ ਹੈ, ਜਿਸ ਵਿੱਚ ਹਮਲਾਵਰ ਨੌਜਵਾਨਾਂ ਦਾ ਪਿੱਛਾ ਕਰਦੇ ਅਤੇ ਫਾਇਰਿੰਗ ਕਰਦੇ ਨਜ਼ਰ ਆ ਰਹੇ ਹਨ । ਫੁਟੇਜ ਵਿੱਚ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਵੀ ਸਾਫ਼ ਸੁਣੀਆਂ ਜਾ ਸਕਦੀਆਂ ਹਨ ।
ਪੁਲਸ ਕਰ ਰਹੀ ਹੈ ਰੰਜਸ਼ ਪਿਛਲੇ ਕਾਰਨਾਂ ਦੀ ਜਾਂਚ
ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ-7 ਦੀ ਪੁਲਸ ਅਤੇ ਸਪੈਸ਼ਲ ਬ੍ਰਾਂਚ ਦੀ ਟੀਮ ਮੌਕੇ `ਤੇ ਪਹੁੰਚੀ । ਪੁਲਸ ਨੂੰ ਘਟਨਾ ਸਥਾਨ ਤੋਂ ਦੋ ਖੋਲ ਵੀ ਬਰਾਮਦ ਹੋਏ ਹਨ । ਥਾਣਾ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਮਲਹੋਤਰਾ ਨੇ ਸ਼ੁਭਮ ਦੇ ਅਗਵਾ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਸ ਨੇ ਤੁਰੰਤ ਸ਼ਹਿਰ ਵਿੱਚ ਨਾਕਾਬੰਦੀ ਕਰ ਦਿੱਤੀ ਹੈ ਅਤੇ ਹਮਲਾਵਰਾਂ ਦੀ ਭਾਲ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ।
ਭਰੋਸੇਯੋਗ ਸੂਤਰਾਂ ਮੁਤਾਬਕ ਕੁਝ ਦਿਨ ਪਹਿਲਾਂ ਸ਼ੁਭਮ ਦੇ ਘਰ ਦੇ ਬਾਹਰ ਵੀ ਫਾਇਰਿੰਗ ਹੋਈ ਸੀ । ਹੁਣ ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਦੋਵੇਂ ਧਿਰਾਂ ਵਿਚਕਾਰ ਰੰਜਸ਼ ਦਾ ਅਸਲ ਕਾਰਨ ਕੀ ਸੀ । ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਤੱਕ ਜਲਦ ਤੋਂ ਜਲਦ ਪਹੁੰਚਿਆ ਜਾ ਸਕੇ ।
