post

Jasbeer Singh

(Chief Editor)

Punjab

ਅਮਨ ਅਰੋੜਾ ਅਤੇ ਬਰਿੰਦਰ ਕੁਮਾਰ ਗੋਇਲ ਵੱਲੋਂ ਸੁਨਾਮ ਵਿੱਚੋਂ ਲੰਘਦੀ ਸਰਹਿੰਦ ਚੋਅ ਦੀ ਸਥਿਤੀ ਦਾ ਜਾਇਜ਼ਾ

post-img

ਅਮਨ ਅਰੋੜਾ ਅਤੇ ਬਰਿੰਦਰ ਕੁਮਾਰ ਗੋਇਲ ਵੱਲੋਂ ਸੁਨਾਮ ਵਿੱਚੋਂ ਲੰਘਦੀ ਸਰਹਿੰਦ ਚੋਅ ਦੀ ਸਥਿਤੀ ਦਾ ਜਾਇਜ਼ਾ - ਸਰਹਿੰਦ ਚੋਅ ਦੇ ਕਿਨਾਰਿਆਂ ਨੂੰ ਮਜ਼ਬੂਤ ਕੀਤਾ ਗਿਆ ਹੈ - ਅਮਨ ਅਰੋੜਾ - ਲੋਕ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ - ਬਰਿੰਦਰ ਕੁਮਾਰ ਗੋਇਲ - ਲੋਕਾਂ ਨੂੰ ਕੀਤੀ ਅਪੀਲ, "ਅਫ਼ਵਾਹਾਂ ਵਿੱਚ ਨਾ ਆਓ, ਸਰਹਿੰਦ ਚੋਅ ਅਤੇ ਹੋਰ ਨਹਿਰਾਂ ਤੇ ਨਾਲਿਆਂ ਉੱਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ  ਸੁਨਾਮ, 2 ਸਤੰਬਰ 2025 :  ਭਾਰੀ ਮੀਂਹ ਅਤੇ ਬੱਦਲ ਫਟਣ ਦੀਆਂ ਘਟਨਾਵਾਂ ਤੋਂ ਬਾਅਦ ਸੂਬੇ ਦੀਆਂ ਨਦੀਆਂ, ਨਹਿਰਾਂ ਅਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਸੀ, ਜੋ ਕਿ ਹੁਣ ਕਾਬੂ ਹੇਠ ਹੈ। ਪਿਛਲੇ ਦਿਨੀਂ ਸਥਾਨਕ ਸਰਹਿੰਦ ਚੋਅ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਸੀ ਪਰ ਹੁਣ ਇਹ ਬਹੁਤ ਘੱਟ ਗਿਆ ਹੈ। ਪੰਜਾਬ ਦੇ ਕੈਬਨਿਟ ਮੰਤਰੀਆਂ ਅਮਨ ਅਰੋੜਾ ਅਤੇ ਬਰਿੰਦਰ ਕੁਮਾਰ ਗੋਇਲ ਨੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਾਲ ਲੈਕੇ ਅੱਜ ਇਸ ਚੋਅ ਸਮੇਤ ਹੋਰ ਇਲਾਕਿਆਂ ਦਾ ਦੌਰਾ ਕੀਤਾ । ਗੱਲਬਾਤ ਕਰਦਿਆਂ ਅਰੋੜਾ ਅਤੇ ਗੋਇਲ ਨੇ ਦੱਸਿਆ ਕਿ ਸੂਬੇ ਦੇ ਜਲ ਸਰੋਤਾਂ ਵਿੱਚ ਬੀਤੇ ਦਿਨੀਂ 300 ਕਿਊਸਕ ਪਾਣੀ ਛੱਡਿਆ ਗਿਆ ਸੀ, ਜਿਸ ਕਰਕੇ ਹੀ ਪਾਣੀ ਦਾ ਪੱਧਰ ਵਧ ਗਿਆ ਸੀ । ਪਰ ਹੁਣ ਪਾਣੀ ਨਹੀਂ ਛੱਡਿਆ ਜਾ ਰਿਹਾ ਹੈ । ਜਿਸ ਕਾਰਨ ਹੁਣ ਪਾਣੀ ਦਾ ਪੱਧਰ ਸੁਨਾਮ ਵਿੱਚੋਂ ਲੰਘਦੀ ਸਰਹਿੰਦ ਚੋਅ ਅਤੇ ਹੋਰ ਨਹਿਰਾਂ ਤੇ ਨਾਲਿਆਂ ਵਿੱਚੋਂ ਲਗਾਤਾਰ ਘਟਣ ਲੱਗਾ ਹੈ । ਅਗਲੇ ਦਿਨਾਂ ਦੌਰਾਨ ਵੀ ਇਸ ਚੋਅ ਵਿੱਚ ਪਾਣੀ ਵਧਣ ਦਾ ਖਦਸ਼ਾ ਨਹੀਂ ਹੈ । ਉਹਨਾਂ ਕਿਹਾ ਕਿ ਪਾਣੀ ਦੇ ਰਸਤੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਹੈ। ਮੌਨਸੂਨ ਤੋਂ ਪਹਿਲਾਂ ਸਾਰੀਆਂ ਨਹਿਰਾਂ ਅਤੇ ਨਾਲਿਆਂ ਦੀ ਮੁਕੰਮਲ ਸਫ਼ਾਈ ਆਦਿ ਕਰਵਾਈ ਗਈ ਸੀ । ਉਹਨਾਂ ਕਿਹਾ ਕਿ ਵੈਸੇ ਤਾਂ ਕਿਸੇ ਖਤਰੇ ਦਾ ਖ਼ਦਸ਼ਾ ਨਹੀਂ ਹੈ ਪਰ ਫਿਰ ਵੀ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਿਪਟਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਵਿੱਚ ਨਾ ਆਉਣ ਅਤੇ ਪ੍ਰਸ਼ਾਸ਼ਨ ਉੱਤੇ ਵਿਸ਼ਵਾਸ਼ ਰੱਖਣ । ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਸੁਨਾਮ ਵਾਸੀਆਂ ਨੂੰ ਸਰਹਿੰਦ ਚੋਅ ਵਿੱਚ ਆਉਂਦੇ ਪਾਣੀ ਤੋਂ ਬਚਾਉਣ ਲਈ ਅਤੇ ਲੋਕਾਂ ਲਈ ਸੈਰਗਾਹ ਵਿਕਸਤ ਕਰਨ ਦੇ ਮਕਸਦ ਨਾਲ ਸਰਹਿੰਦ ਚੋਅ ਦੇ ਨਾਲ ਨਾਲ " ਵਾਕਿੰਗ ਟਰੈਕ " ਬਣਾਇਆ ਗਿਆ ਸੀ ਅਤੇ ਪਲਾਂਟੇਸ਼ਨ ਕਾਰਵਾਈ ਗਈ ਹੈ । ਜਿਸ ਨਾਲ ਸਰਹਿੰਦ ਚੋਅ ਦੇ ਕਿਨਾਰਿਆਂ ਨੂੰ ਬਹੁਤ ਮਜ਼ਬੂਤੀ ਮਿਲੀ ਹੈ । ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਭਾਰੀ ਮੀਂਹ ਅਤੇ ਬੱਦਲ ਫਟਣ ਨਾਲ ਪੂਰਾ ਪੰਜਾਬ ਪ੍ਰਭਾਵਿਤ ਹੋਇਆ ਹੈ ਪਰ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਧਿਰਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਬਚਾਅ ਕਾਰਜਾਂ ਕਾਰਨ ਸਥਿਤੀ ਹੁਣ ਪੂਰੀ ਤਰ੍ਹਾਂ ਕਾਬੂ ਵਿੱਚ ਹੈ । ਉਹਨਾਂ ਕਿਹਾ ਕਿ ਲੋਕ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ । ਉਹਨਾਂ ਕਿਹਾ ਕਿ ਅਗਲੇ ਦਿਨਾਂ ਦੌਰਾਨ ਜੇਕਰ ਮੀਂਹ ਨਾ ਪਿਆ ਤਾਂ ਅਗਲੇ ਕੁਝ ਦਿਨਾਂ ਦੌਰਾਨ ਸਥਿਤੀ ਆਮ ਵਾਂਗ ਹੋ ਜਾਵੇਗੀ । ਇਸ ਮੌਕੇ ਰਾਜਵਿੰਦਰ ਕੌਰ ਤਹਿਸੀਲ ਸੁਨਾਮ, ਡੀ. ਐਸ. ਪੀ. ਹਰਵਿੰਦਰ ਸਿੰਘ ਖਹਿਰਾ, ਨਿਸ਼ਾਨ ਸਿੰਘ ਟੋਨੀ ਪ੍ਰਧਾਨ ਨਗਰ ਕੌਂਸਲ ਸੁਨਾਮ, ਜਤਿੰਦਰ ਜੈਨ ਮੀਡੀਆ ਕੋਆਰਡੀਨੇਟਰ ਅਮਨ ਅਰੋੜਾ ਕੈਬਨਿਟ ਮੰਤਰੀ, ਬਲਾਕ ਪ੍ਰਧਾਨ ਸੰਦੀਪ ਜਿੰਦਲ ਸਾਹਿਬ ਸਿੰਘ, ਮਨੀ ਸਰਾਓ, ਮਨਪ੍ਰੀਤ ਬਾਂਸਲ, ਗੁਰਿੰਦਰ ਪਾਲ ਖੇੜੀ, ਦੀਪ ਸਰਪੰਚ ਕਨੋਈ, ਕੁਲਦੀਪ ਸਿੰਘ, ਮਨਪ੍ਰੀਤ ਮਣੀ ਸੇਰੋ ਅਤੇ ਹੋਰ ਵੀ ਹਾਜ਼ਰ ਸਨ ।

Related Post