ਅਸ਼ੀਰਵਾਦ ਸਕੀਮ 'ਚ ਅਪਲਾਈ ਕਰਨ ਦੀ ਸਮਾਂ ਹੱਦ ’ਚ ਕੀਤਾ ਵਾਧਾ : ਡਿਪਟੀ ਕਮਿਸ਼ਨਰ
- by Jasbeer Singh
- October 28, 2025
ਅਸ਼ੀਰਵਾਦ ਸਕੀਮ 'ਚ ਅਪਲਾਈ ਕਰਨ ਦੀ ਸਮਾਂ ਹੱਦ ’ਚ ਕੀਤਾ ਵਾਧਾ : ਡਿਪਟੀ ਕਮਿਸ਼ਨਰ -ਅਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਲਾਭਪਾਤਰੀ ਵਿਆਹ ਤੋਂ ਦੋ ਮਹੀਨੇ ਦੇ ਅੰਦਰ ਕਰਨ ਅਪਲਾਈ : ਰਾਹੁਲ ਚਾਬਾ ਸੰਗਰੂਰ, 28 ਅਕਤੂਬਰ 2025 : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ 'ਚ ਅਤੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗਰੀਬ ਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਮੌਕੇ ਦਿੱਤੀ ਜਾਂਦੀ ਆਸ਼ੀਰਵਾਦ ਸਕੀਮ ਤਹਿਤ ਲਾਭ ਲੈਣ ਲਈ ਅਪਲਾਈ ਕਰਨ ਵਾਲੇ ਬਿਨੈਕਾਰਾਂ ਦੀ ਸਹੂਲਤ ਨੂੰ ਦੇਖਦੇ ਹੋਏ ਅਸ਼ੀਰਵਾਦ ਪੋਰਟਲ ਤੇ ਅਪਲਾਈ ਕਰਨ ਦੀ ਸਮਾਂ ਸੀਮਾ ਵਿਆਹ ਦੀ ਮਿਤੀ ਤੋਂ 30 ਦਿਨ ਬਾਅਦ ਤੱਕ ਨੂੰ ਵਧਾ ਕੇ 2 ਮਹੀਨੇ ਬਾਅਦ ਤੱਕ ਕਰ ਦਿੱਤਾ ਗਿਆ ਹੈ। ਇਸ ਨਵੇਂ ਕਦਮ ਨਾਲ ਹੁਣ ਯੋਗ ਪਰਿਵਾਰ ਨੂੰ ਸਕੀਮ ਤਹਿਤ ਅਪਲਾਈ ਕਰਨ ਲਈ ਹੋਰ ਸਮਾਂ ਮਿਲੇਗਾ। ਜਿਸ ਨਾਲ ਯੋਗ ਪਰਿਵਾਰ ਇਸ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਨਹੀਂ ਰਹਿਣਗੇ । ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਦੱਸਿਆ ਕਿ ਕਿਉਂਕਿ ਅਸ਼ੀਰਵਾਦ ਸਕੀਮ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨਾਲ ਸਬੰਧਿਤ ਹੈ, ਬਿਨੈਕਾਰ ਵਿਆਹ ਦੀਆਂ ਰਸਮਾਂ ਵਿੱਚ ਰੁੱਝੇ ਹੋਣ ਕਾਰਨ ਇਨ੍ਹਾਂ ਕੋਲ ਸਕੀਮ ਅਪਲਾਈ ਕਰਨ ਲਈ ਜ਼ਿਆਦਾ ਸਮਾਂ ਨਹੀਂ ਬਚਦਾ ਸੀ, ਪਹਿਲਾਂ ਦੀ ਸ਼ਰਤ ਅਨੁਸਾਰ ਵਿਆਹ ਦੀ ਮਿਤੀ ਤੋਂ ਬਾਅਦ ਅਪਲਾਈ ਕਰਨ ਦਾ ਸਮਾਂ 30 ਦਿਨ ਹੋਣ ਕਾਰਨ ਬਹੁਤ ਸਾਰੇ ਯੋਗ ਪਰਿਵਾਰ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ ਸਨ । ਲੋਕਾਂ ਦੀ ਇਸ ਸਮੱਸਿਆ ਦੇ ਹੱਲ ਲਈ ਹੁਣ ਸਰਕਾਰ ਵੱਲੋਂ ਅਪਲਾਈ ਕਰਨ ਦੀ ਸਮਾਂ ਸੀਮਾ ਵਧਾ ਕੇ ਵਿਆਹ ਦੀ ਮਿਤੀ ਤੋਂ 2 ਮਹੀਨੇ ਬਾਅਦ ਤੱਕ ਕਰਨ ਨਾਲ ਵੱਧ ਤੋਂ ਵੱਧ ਯੋਗ ਪਰਿਵਾਰ ਸਕੀਮ ਦਾ ਲਾਭ ਲੈ ਸਕਣਗੇ । ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਨਾਗਰਿਕਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨ ਅਤੇ ਉਹਨਾਂ ਦਾ ਜੀਵਨ ਸੁਖਾਲਾ ਬਣਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ । ਅਸ਼ੀਰਵਾਦ ਸਕੀਮ ਨੂੰ ਅਪਲਾਈ ਕਰਨ ਲਈ ਸਮਾਂ ਸੀਮਾ ਵਿੱਚ ਵਾਧਾ ਕਰਨਾ ਇਸੇ ਯਤਨ ਦਾ ਹਿੱਸਾ ਹੈ ।

