

ਇੱਥੋਂ ਦੇ ਕਾਂਗਰਸ ਦੇ ਦੋ ਆਗੂ ਇਕ ਆਡੀਓ ਨੂੰ ਲੈ ਕੇ ਆਹਮੋ-ਸਾਹਮਣੇ ਹੋ ਗਏ ਹਨ। ਹੁਣ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਤੇ ਹਲਕਾ ਸਨੌਰ ਦੇ ਕਾਂਗਰਸੀ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ ਸਾਬਕਾ ਮੰਤਰੀ ਲਾਲ ਸਿੰਘ ਦੀ ਜੋ ਆਡੀਓ ਵਾਇਰਲ ਹੋ ਰਹੀ ਹੈ, ਉਹ ਆਡੀਓ ਅਸਲ ਵਿੱਚ ਲਾਲ ਸਿੰਘ ਦੀ ਹੀ ਹੈ। ਇਹ ਇਕ ਆਡੀਓ ਨਹੀਂ ਹੈ ਸਗੋਂ ਹਜ਼ਾਰਾਂ ਲੋਕਾਂ ਕੋਲ ਲਾਲ ਸਿੰਘ ਦਾ ਫ਼ੋਨ ਗਿਆ ਸੀ ਜਿਸ ਦੀਆਂ ਸੈਂਕੜੇ ਆਡੀਓਜ਼ ਉਨ੍ਹਾਂ ਕੋਲ ਆ ਗਈਆਂ ਹਨ ਤੇ ਸਾਰਾ ਕੁਝ ਰਿਕਾਰਡ ਵਿੱਚ ਹੈ। ਇਨ੍ਹਾਂ ਸਾਰੀਆਂ ਆਡੀਓਜ਼ ਵਿੱਚ ਲਾਲ ਸਿੰਘ ਹਲਕਾ ਸਨੌਰ ਤੇ ਹਲਕਾ ਘਨੌਰ ਵਿੱਚ ਆਪਣੇ ਸਮਰਥਕਾਂ ਨੂੰ ਧਰਮਵੀਰ ਗਾਂਧੀ ਦੀ ਥਾਂ ’ਤੇ ਅਕਾਲੀ ਉਮੀਦਵਾਰ ਐੱਨਕੇ ਸ਼ਰਮਾ ਨੂੰ ਵੋਟ ਪਾਉਣ ਲਈ ਕਹਿ ਰਹੇ ਹਨ। ਹੈਰੀਮਾਨ ਨੇ ਅੱਜ ਪਟਿਆਲਾ ਵਿੱਚ ਪ੍ਰੈੱਸ ਕਾਨਫ਼ਰੰਸ ਮੌਕੇ ਕਿਹਾ ਕਿ ਉਨ੍ਹਾਂ ਇਸ ਸਬੰਧੀ ਪੰਜਾਬ ਕਾਂਗਰਸ ਤੇ ਕੁੱਲ ਹਿੰਦ ਕਾਂਗਰਸ ਨੂੰ ਸ਼ਿਕਾਇਤ ਭੇਜੀ ਹੈ ਜਿਸ ਵਿੱਚ ਲਾਲ ਸਿੰਘ ਦੇ ਪਰਿਵਾਰ ਨੂੰ ਕਾਂਗਰਸ ਵਿੱਚੋਂ ਕੱਢਣ ਦੀ ਮੰਗ ਕੀਤੀ ਗਈ ਹੈ। ਹੈਰੀਮਾਨ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਪਟਿਆਲਾ ਤੇ ਲੁਧਿਆਣਾ ਸੀਟਾਂ ’ਤੇ ਵਿਸ਼ੇਸ਼ ਤਵੱਜੋ ਦਿੱਤੀ ਸੀ ਪਰ ਰਾਹੁਲ ਦੇ ਹੁਕਮਾਂ ਦੇ ਬਾਵਜੂਦ ਕਾਂਗਰਸ ਆਗੂ ਲਾਲ ਸਿੰਘ ਨੇ ਲੋਕਾਂ ਨੂੰ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਵਿਰੁੱਧ ਵੋਟ ਪਾਉਣ ਲਈ ਕਿਹਾ। ਹੈਰੀਮਾਨ ਨੇ ਇਕ ਹੋਰ ਦੋਸ਼ ਲਾਉਂਦਿਆਂ ਕਿਹਾ ਕਿ ਸਿਰਫ਼ ਇਸ ਵਾਰ ਨਹੀਂ ਸਗੋਂ ਪਹਿਲਾਂ ਵੀ 2017 ਵਿਚ ਲਾਲ ਸਿੰਘ ਨੇ ਉਨ੍ਹਾਂ ਨੂੰ (ਕਾਂਗਰਸੀ ਉਮੀਦਵਾਰ) ਹਰਾਉਣ ਲਈ ਸਨੌਰ ਵਿਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਪੁੱਤਰ ਦੀ ਮਦਦ ਕੀਤੀ ਸੀ।