ਕਾਰ-ਈ ਰਿਕਸ਼ਾ ਵਿਚਕਾਰ ਟੱਕਰ ਕਾਰਨ ਇਕ ਦੀ ਮੌਤ ਤਿੰਨ ਜਖਮੀ ਜਲੰਧਰ, 2 ਮਈ 2026 : ਪੰਜਾਬ ਦੇ ਨਕੋਦਰ ਦੇ ਨੂਰਮਹਿਲ ਰੋਡ ਤੇ ਸੰਗਤਪੁਰਾ ਬੱਸ ਅੱਡੇ ਨੇੜੇ ਕਾਰ-ਈ ਰਿਕਸ਼ਾ ਦੀ ਹੋਈ ਆਪਸੀ ਟੱਕਰ ਵਿਚ ਇਕ ਦੀ ਮੌਤ ਤੇ ਤਿੰਨ ਜਖਮੀ ਹੋ ਗਏ ਹਨ। ਕੌਣ ਹੈ ਜੋ ਉਤਰ ਗਿਆ ਮੌਤ ਦੇ ਘਾਟ ਮਿਲੀ ਜਾਣਕਾਰੀ ਅਨੁਸਾਰ ਨਕੋਦਰ ਦੇ ਨੂਰਮਹਿਲ ਰੋਡ `ਤੇ ਸੰਗਤਪੁਰ ਬੱਸ ਸਟੈਂਡ ਨੇੜੇ ਹੋਏ ਜੋ ਈ-ਰਿਕਸ਼ਾ ਤੇ ਕਾਰ ਵਿਚਾਲੇ ਟੱਕਰ ਹੋਣ ਕਾਰਨ ਵਾਪਰੇ ਸੜਕ ਹਾਦਸੇ ਵਿੱਚ ਈ-ਰਿਕਸ਼ਾ ਚਾਲਕ ਦੀ ਮੌਤ ਹੋ ਗਈ ਹੈ ਦਾ ਨਾਮ ਕੁਲਦੀਪ ਸਿੰਘ ਹੈ ਤੇ ਉਹ 58 ਸਾਲਾਂ ਦਾ ਹੈ। ਕਾਰ ਵਿਚ ਸਵਾਰ ਵਿਅਕਤੀਆਂ ਵਿਚੋਂ ਜੋ ਤਿੰਨ ਜਣੇ ਜਖਮੀ ਹੋ ਗਏ ਹਨ ਨੂੰ ਫਿਲੌਰ ਵਿਖੇ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਜਦੋਂ ਕਿ ਕਾਰ ਚਾਲਕ ਬਿੱਟੂ ਕੁਮਾਰ ਨੂੰ ਬਿਲਗਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ । ਕੀ ਦੱਸਿਆ ਮ੍ਰਿਤਕ ਦੇ ਭਰਾ ਨੇ ਮ੍ਰਿਤਕ ਈ-ਰਿਕਸ਼ਾ ਚਾਲਕ ਕੁਲਦੀਪ ਸਿੰਘ ਦੇ ਭਰਾ ਅਮਰਜੀਤ ਸਿੰਘ ਵਾਸੀ ਫਿਲੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੋਨ `ਤੇ ਹਾਦਸੇ ਦੀ ਸੂਚਨਾ ਮਿਲੀ ਸੀ ਤੇ ਜਦੋਂ ਉਹ ਮੌਕੇ `ਤੇ ਪਹੁੰਚੇ ਤਾਂ ਉਨ੍ਹਾਂ ਨੇ ਆਪਣੇ ਭਰਾ ਕੁਲਦੀਪ ਸਿੰਘ ਨੂੰ ਮ੍ਰਿਤਕ ਪਾਇਆ । ਉਨ੍ਹਾਂ ਇਹ ਵੀ ਦੱਸਿਆ ਕਿ ਕੁਲਦੀਪ ਸਿੰਘ ਈ-ਰਿਕਸ਼ਾ `ਤੇ ਸਾਮਾਨ ਲੈ ਕੇ ਨੂਰਮਹਿਲ ਵੱਲ ਜਾ ਰਹੇ ਸਨ।ਦੱਸਣਯੋਗ ਹੈ ਕਿ ਈ-ਰਿਕਸ਼ਾ ਚਾਲਕ ਸਮਾਨ ਲੈ ਕੇ ਨੂਰਮਹਿਲ ਵੱਲ ਜਾ ਰਿਹਾ ਸੀ । ਹਾਦਸੇ ਸਬੰਧੀ ਕਾਰ ਚਾਲਕ ਨੇ ਕੀ ਦੱਸਿਆ ਕਾਰ ਚਾਲਕ ਦੀ ਜਿਸਦੀ ਪਛਾਣ ਲੁਧਿਆਣਾ ਦੇ ਮਾਛੀਵਾੜਾ ਵਾਸੀ ਬਿੱਟੂ ਕੁਮਾਰ ਵਜੋਂ ਹੋਈ ਹੈ ਨੇ ਪੁਲਸ ਨੂੰ ਦੱਸਿਆ ਕਿ ਉਹ ਨਕੋਦਰ ਤੋਂ ਮੱਥਾ ਟੇਕਣ ਤੋਂ ਬਾਅਦ ਮਾਛੀਵਾੜਾ ਜਾ ਰਿਹਾ ਸੀ । ਉਸ ਦੀ ਕਾਰ ਵਿੱਚ ਪਰਿਵਾਰਕ ਮੈਂਬਰ ਵੀ ਸਨ, ਤਦ ਹੀ ਸੰਗਤਪੁਰ ਅੱਡੇ `ਤੇ ਈ-ਰਿਕਸ਼ਾ ਨਾਲ ਟੱਕਰ ਹੋ ਗਈ । ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਤਿੰਨ ਲੋਕ ਵੀ ਜ਼ਖ਼ਮੀ ਹੋ ਗਏ । ਏ. ਐਸ. ਆਈ. ਨੇ ਕੀ ਦੱਸਿਆ ਬਿਲਗਾ ਥਾਣੇ ਦੇ ਏ. ਐਸ. ਆਈ. ਬਗੀਚਾ ਸਿੰਘ ਨੇ ਜਾਣਕਾਰੀ ਦਿੱਤੀ ਕਿ ਸਵੇਰੇ 112 `ਤੇ ਹਾਦਸੇ ਦੀ ਸੂਚਨਾ ਮਿਲੀ ਸੀ । ਪੁਲਸ ਟੀਮ ਤੁਰੰਤ ਮੌਕੇ `ਤੇ ਪਹੁੰਚੀ, ਜਿੱਥੇ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ ਅਤੇ ਤਿੰਨ ਲੋਕ ਜ਼ਖ਼ਮੀ ਸਨ। ਜ਼ਖ਼ਮੀਆਂ ਨੂੰ ਐਂਬੂਲੈਂਸ ਰਾਹੀਂ ਫਿਲੌਰ ਸਿਵਲ ਹਸਪਤਾਲ ਭੇਜਿਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮ੍ਰਿਤਕ ਦੀ ਲਾਸ਼ ਨੂੰ ਫਿਲੌਰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ । ਪੁਲਸ ਨੇ ਕਾਰ ਚਾਲਕ ਬਿੱਟੂ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ `ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
