ਪੰਜਾਬ `ਚ ਰੈਗੂਲਰ ਡੀ. ਜੀ. ਪੀ. ਦੀ ਨਿਯੁਕਤੀ ਲਈ ਪ੍ਰਕਿਰਿਆ ਹੋਈ ਤੇਜ
ਚੰਡੀਗੜ੍ਹ੍, 20 ਜੂਨ 2026 : ਪੰਜਾਬ ਵਿਚ ਰੈਗੂਲਰ ਡਾਇਰੈਕਟਰ ਜਨਰਲ ਆਫ ਪੰਜਾਬ ਦੀ ਨਿਯੁਕਤੀ ਨੂੰ ਲੈ ਕੇ ਯੂ. ਪੀ. ਐਸ. ਸੀ. (U. P. S. C.) ਵਲੋਂ ਪ੍ਰਕਿਕਿਰਆ ਤੇਜ ਕਰ ਦਿੱਤੀ ਗਈ ਹੈ ।
30 ਜੂਨ ਨੂੰ 3 ਅਫ਼ਸਰਾਂ ਦਾ ਪੈਨਲ ਬਣਾਏਗਾ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸੂਬੇ `ਚ ਰੈਗੂਲਰ ਡੀ. ਜੀ. ਪੀ. (Regular D. G. P.) ਦੀ ਨਿਯੁਕਤੀ ਦੀ ਪ੍ਰਕਿਰਿਆ ਜਿਥੇ ਫੈਸਲਾਕੁੰਨ ਪੜਾਅ `ਤੇ ਪਹੁੰਚ ਗਈ ਹੈ ਦੇ ਚਲਦਿਆਂ ਸੰਘ ਲੋਕ ਸੇਵਾ ਆਯੋਗ (ਯੂ. ਪੀ. ਐਸ. ਸੀ.) ਵਲੋਂ ਵੀ 30 ਜੂਨ ਨੂੰ ਐਮਪੈਨਲਮੈਂਟ ਕਮੇਟੀ ਦੀ ਮੀਟਿੰਗ ਬੁਲਾਈ ਹੈ, ਜਿਸ ਵਿਚ ਪੰਜਾਬ ਕੇਡਰ ਦੇ ਸੀਨੀਅਰ ਆਈ. ਪੀ. ਐਸ. ਅਧਿਕਾਰੀਆਂ `ਚੋਂ ਤਿੰਨ ਨਾਵਾਂ ਦਾ ਪੈਨਲ (Panel) ਤਿਆਰ ਕੀਤਾ ਜਾਵੇਗਾ । ਇਸ ਤੋਂ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਇਨ੍ਹਾਂ ਤਿੰਨ ਨਾਵਾਂ `ਚੋਂ ਇਕ ਅਧਿਕਾਰੀ ਨੂੰ ਸੂਬੇ ਦਾ ਰੈਗੂਲਰ ਡੀ. ਜੀ. ਪੀ. ਨਿਯੁਕਤ ਕਰੇਗੀ ।
ਪੰਜਾਬ ਚੱਲ ਰਿਹਾ ਹੈ ਚਾਰ ਸਾਲਾਂ ਤੋਂ ਕਾਰਜਕਾਰੀ ਡੀ. ਜੀ. ਪੀ. ਦੀ ਅਗਵਾਈ ਹੇਠ
ਪੰਜਾਬ ਅੰਦਰ ਸਥਾਈ ਡੀ. ਜੀ. ਪੀ. ਦੀ ਨਿਯੁਕਤੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ `ਚ ਪਿਛਲੇ ਲਗਭਗ ਚਾਰ ਸਾਲਾਂ ਤੋਂ ਪੁਲਸ ਮਹਿਕਮਾ ਕਾਰਜਕਾਰੀ ਡੀ. ਜੀ. ਪੀ. ਦੀ ਅਗਵਾਈ `ਚ ਚੱਲ ਰਿਹਾ ਹੈ । ਦੱਸਣਯੋਗ ਹੈ ਕਿ ਜੁਲਾਈ 2022 `ਚ ਗੌਰਵ ਯਾਦਵ ਨੂੰ ਕਾਰਜਕਾਰੀ ਡੀ. ਜੀ. ਪੀ. ਨਿਯੁਕਤ ਕੀਤਾ ਗਿਆ ਸੀ ਤੇ ਉਦੋਂ ਤੋਂ ਲੈ ਕੇ ਹੁਣ ਤਕ ਸੂਬੇ `ਚ ਰੈਗੂਲਰ ਡੀ. ਜੀ. ਪੀ. ਦੀ ਨਿਯੁਕਤੀ ਨਹੀਂ ਹੋ ਸਕੀ । ਅਜਿਹੇ ਵਿਚ ਆਗਾਮੀ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਥਾਈ ਡੀ. ਜੀ. ਪੀ. ਦੀ ਨਿਯੁਕਤੀ ਕਾਨੂੰਨ-ਵਿਵਸਥਾ ਅਤੇ ਚੋਣ ਤਿਆਰੀਆਂ ਦੇ ਲਿਹਾਜ਼ ਨਾਲ ਅਹਿਮ ਮੰਨੀ ਜਾ ਰਹੀ ਹੈ ।
