ਸਰਹਿੰਦ-ਰਾਜਪੁਰਾ ਨੈਸ਼ਨਲ ਹਾਈਵੇ `ਤੇ ਸੜਕ ਹਾਦਸੇ `ਚ ਦੋ ਦੁਕਾਨਦਾਰਾਂ ਦੀ ਮੌਤ
ਫਤਹਿਗੜ੍ਹ ਸਾਹਿਬ, 16 ਜੂਨ 2026 : ਫ਼ਤਹਿਗੜ੍ਹ ਸਾਹਿਬ ਜਿ਼ਲੇ ਦੇ ਸਰਹਿੰਦ-ਰਾਜਪੁਰਾ ਨੈਸ਼ਨਲ ਹਾਈਵੇ (Sirhind-Rajpura National Highway) `ਤੇ ਪਿੰਡ ਦਾਲੋ ਮਾਜਰਾ ਨੇੜੇ ਵਾਪਰੇ ਸੜਕ ਹਾਦਸੇ (Road accidents) `ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ।
ਕੌਣ ਹਨ ਦੋਵੇਂ ਜਣੇ ਜੋ ਸੜਕ ਹਾਦਸੇ ਵਿਚ ਮਾਰੇ ਗਏ
ਮਿਲੀ ਜਾਣਕਾਰੀ ਅਨੁਸਾਰ ਫ਼ਤਹਿਗੜ੍ਹ ਸਾਹਿਬ ਜਿ਼ਲੇ ਦੇ ਸਰਹਿੰਦ-ਰਾਜਪੁਰਾ ਨੈਸ਼ਨਲ ਹਾਈਵੇ `ਤੇ ਪਿੰਡ ਦਾਲੋ ਮਾਜਰਾ ਨੇੜੇ ਜੋ ਸੜਕ ਹਾਦਸਾ ਵਾਪਰਿਆ ਹੈ ਦੇ ਵਿਚ ਮੌਤ ਦੇ ਘਾਟ ਉਤਰਨ ਵਾਲਿਆਂ ਦੀ ਪਛਾਣ ਜਸਪਾਲ ਸਿੰਘ ਅਤੇ ਮਹੇਸ਼ ਕੁਮਾਰ ਵਜੋਂ ਹੋਈ ਹੈ, ਜੋ ਰਾਜਪੁਰਾ ਇਲਾਕੇ ਦੇ ਰਹਿਣ ਵਾਲੇ ਸਨ ।
ਤੇਜ ਰਫ਼ਤਾਰ ਕਾਰ ਨੇ ਮਾਰੀ ਟੱਕਰ
ਜਾਣਕਾਰੀ ਅਨੁਸਾਰ ਜਸਪਾਲ ਸਿੰਘ ਅਤੇ ਮਹੇਸ਼ ਕੁਮਾਰ ਪਿੰਡ ਬੀਬੀਪੁਰ ਅਤੇ ਪਿੰਡ ਸਾਧੂਗੜ੍ਹ ਵਿਖੇ ਕਰਿਆਨੇ ਦੀਆਂ ਦੁਕਾਨਾਂ ਚਲਾਉਂਦੇ ਸਨ । ਰੋਜ਼ਾਨਾ ਵਾਂਗ ਉਹ ਆਪਣੀਆਂ ਦੁਕਾਨਾਂ ਬੰਦ ਕਰਕੇ ਮੋਟਰਸਾਈਕਲ `ਤੇ ਆਪਣੇ ਘਰ ਰਾਜਪੁਰਾ ਵੱਲ ਜਾ ਰਹੇ ਸਨ । ਜਦੋਂ ਉਹ ਪਿੰਡ ਦਾਲੋ ਮਾਜਰਾ ਨੇੜੇ ਨੈਸ਼ਨਲ ਹਾਈਵੇ `ਤੇ ਪਹੁੰਚੇ ਤਾਂ ਹਰਿਆਣਾ ਨੰਬਰ ਦੀ ਇਕ ਤੇਜ਼ ਰਫ਼ਤਾਰ ਕਾਰ (Fast car) ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ-ਜ਼ੋਰਦਾਰ ਟੱਕਰ ਮਾਰ ਦਿੱਤੀ ।
ਡਾਕਟਰਾਂ ਨੇ ਜਾਂਚ ਤੋਂ ਬਾਅਦ ਦੋਹਾਂ ਨੂੰ ਦਿੱਤਾ ਮ੍ਰਿਤਕ ਐਲਾਨ
ਹਾਦਸਾ-ਇੰਨਾ ਭਿਆਨਕ ਸੀ ਕਿ ਦੋਵੇਂ ਸੜਕ `ਤੇ ਦੂਰ ਜਾ ਡਿੱਗੇ ਅਤੇ ਗੰਭੀਰ ਰੂਪ `ਚ ਜ਼ਖ਼ਮੀ ਹੋ ਗਏ । ਮੌਕੇ `ਤੇ ਮੌਜੂਦ ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ (Civil Hospital) ਫ਼ਤਹਿਗੜ੍ਹ ਸਾਹਿਬ ਪਹੁੰਚਾਇਆ ਗਿਆ । ਪੁਲਸ ਚੌਕੀ ਨਬੀਪੁਰ ਦੇ ਇੰਚਾਰਜ ਹਰਮਿੰਦਰ ਸਿੰਘ ਨੇ ਦੱਸਿਆ ਕਿ ਹਸਪਤਾਲ `ਚ ਡਾਕਟਰਾਂ ਨੇ ਜਾਂਚ ਤੋਂ ਬਾਅਦ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ।
