post

Jasbeer Singh

(Chief Editor)

Haryana News

ਭਾਰਤੀ ਟੀਮ ਲਈ 125 ਕਰੋੜ ਰੁਪਏ ਇਨਾਮੀ ਰਾਸ਼ੀ ਦਾ ਐਲਾਨ

post-img

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਜੈ ਸ਼ਾਹ ਨੇ ਟੀ-20 ਵਿਸ਼ਵ ਕੱਪ ’ਚ ਭਾਰਤ ਦੀ ਇਤਿਹਾਸਕ ਖਿਤਾਬੀ ਜਿੱਤ ਦੀ ਸ਼ਲਾਘਾ ਕਰਦਿਆਂ ਟੀਮ ਨੂੰ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਨਾਲ ਆਲੋਚਕਾਂ ਨੂੰ ਚੁੱਪ ਕਰਵਾ ਦਿੱਤਾ ਹੈ। ਭਾਰਤ ਨੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਸੱਤ ਦੌੜਾਂ ਨਾਲ ਹਰਾ ਕੇ ਆਪਣਾ ਦੂਜਾ ਟੀ-20 ਵਿਸ਼ਵ ਕੱਪ ਖ਼ਿਤਾਬ ਜਿੱਤਿਆ ਹੈ। ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਰਵਿੰਦਰ ਜਡੇਜਾ ਵੱਲੋਂ ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਦੇ ਕੀਤੇ ਐਲਾਨ ਨਾਲ ਭਾਰਤੀ ਕ੍ਰਿਕਟ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਭਾਰਤੀ ਟੀਮ ਦੇ ਇਨ੍ਹਾਂ ਸਟਾਰ ਖਿਡਾਰੀਆਂ ਨੇ ਟੀ-20 ਕ੍ਰਿਕਟ ਨੂੰ ਅਲਵਿਦਾ ਆਖਣ ਦਾ ਐਲਾਨ ਸਹੀ ਸਮੇਂ ’ਤੇ ਕੀਤਾ ਹੈ, ਜਿਸ ਨਾਲ ਭਾਰਤੀ ਟੀਮ ਮੈਨੇਜਮੈਂਟ ਨੂੰ 2026 ਵਿਚ ਭਾਰਤ ’ਚ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਨੌਜਵਾਨ ਤੇ ਉਭਰਦੇ ਖਿਡਾਰੀਆਂ ਨਾਲ ਲੈਸ ਟੀਮ ਬਣਾਉਣ ਵਾਸਤੇ ਯੋਜਨਾਬੰਦੀ ਲਈ ਚੋਖਾ ਸਮਾਂ ਮਿਲ ਜਾਵੇਗਾ। ਬੀਸੀਸੀਆਈ ਦੇ ਪ੍ਰਧਾਨ ਰੌਜਰ ਬਿਨੀ ਨੇ ਕਿਹਾ, ‘‘ਸਮਾਂ ਲੱਗੇਗਾ, ਪਰ ਅਗਲੇ ਦੋ ਤਿੰਨ ਸਾਲਾਂ ਵਿਚ ਅਸੀਂ ਇਨ੍ਹਾਂ ਸਟਾਰ ਖਿਡਾਰੀਆਂ ਤੋਂ ਬਗੈਰ ਟੀਮ ਤਿਆਰ ਕਰ ਲਵਾਂਗੇ।’’ ਉਧਰ ਟੀ-20 ਵਿਸ਼ਵ ਕੱਪ ਖ਼ਤਮ ਹੋਣ ਦੇ ਨਾਲ ਹੀ ਮੁੱਖ ਕੋਚ ਰਾਹੁਲ ਦਰਾਵਿੜ ਦਾ ਬੋਰਡ ਨਾਲ ਕਰਾਰ ਖ਼ਤਮ ਹੋ ਗਿਆ ਹੈ। ਬੀਸੀਸੀਆਈ ਨੇ ਦਰਾਵਿੜ ਦੇ ਬਦਲ ਲਈ ਭਾਲ ਆਰੰਭ ਦਿੱਤੀ ਹੈ ਤੇ ਦਰਾਵਿੜ ਦਾ ਜਾਨਸ਼ੀਨ ਬਣਨ ਦੀ ਦੌੜ ਵਿਚ ਕ੍ਰਿਕਟਰ ਤੇ ਸਾਬਕਾ ਭਾਜਪਾ ਐੱਮਪੀ ਗੌਤਮ ਗੰਭੀਰ ਸਭ ਤੋਂ ਅੱਗੇ ਹੈ। ਬੀਸੀਸੀਆਈ ਪ੍ਰਧਾਨ ਰੌਜਰ ਬਿਨੀ ਨੇ ਹਾਲ ਹੀ ਵਿਚ ਗੰਭੀਰ ਦੀ ਤਾਰੀਫ਼ ਕਰਦਿਆਂ ਕਿਹਾ ਸੀ ਕਿ ਖੱਬੇ ਹੱਥ ਦੇ ਇਸ ਸਾਬਕਾ ਬੱਲੇਬਾਜ਼ ਕੋਲ ਵੱਡਾ ਤਜਰਬਾ ਹੈ ਤੇ ਜੇ ਉਹ ਕੋਚ ਬਣਦਾ ਹੈ ਤਾਂ ਇਹ ਭਾਰਤੀ ਕ੍ਰਿਕਟ ਲਈ ਚੰਗਾ ਹੋਵੇਗਾ। ਬੋਰਡ ਦੇ ਸਕੱਤਰ ਜੈ ਸ਼ਾਹ ਨੇ ਇੱਕ ਬਿਆਨ ਵਿੱਚ ਕਿਹਾ, “ਰੋਹਿਤ ਸ਼ਰਮਾ ਦੀ ਅਗਵਾਈ ਹੇਠ ਇਸ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ ਇਸ ਵਿਸ਼ਵ ਕੱਪ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ। ਭਾਰਤੀ ਟੀਮ ਆਈਸੀਸੀ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਅਜਿਹਾ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ।’’ ਉਨ੍ਹਾਂ ਭਾਰਤ ਦੀ ਖਿਤਾਬੀ ਦੌੜ ਨੂੰ ‘ਪ੍ਰੇਰਨਾ ਸਰੋਤ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨਾਂ ਨਾਲ ਆਪਣੇ ਆਲੋਚਕਾਂ ਨੂੰ ਵਾਰ-ਵਾਰ ਚੁੱਪ ਕਰਵਾਇਆ ਹੈ ਅਤੇ ਟੀਮ ਨੇ ਇਸ ਵਾਰ ਵੀ ਅਜਿਹਾ ਹੀ ਕੀਤਾ ਹੈ। ਇਸ ਮਗਰੋਂ ਸ਼ਾਹ ਨੇ ਸੋਸ਼ਲ ਮੀਡੀਆ ’ਤੇ ਟੀਮ ਲਈ 125 ਕਰੋੜ ਰੁਪਏ ਦੇ ਇਨਾਮ ਦਾ ਐਲਾਨ ਕੀਤਾ। ਸ਼ਾਹ ਨੇ ‘ਐਕਸ’ ’ਤੇ ਲਿਖਿਆ, ‘‘ਮੈਂ ਭਾਰਤੀ ਟੀਮ ਲਈ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2024 ਜਿੱਤਣ ’ਤੇ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕਰਦਿਆਂ ਬਹੁਤ ਖ਼ੁਸ਼ੀ ਮਹਿਸੂਸ ਕਰ ਰਿਹਾ ਹਾਂ। ਉਨ੍ਹਾਂ ਨੇ ਟੀਮ ਦੀ ਸਖ਼ਤ ਮਿਹਨਤ ਦੀ ਵੀ ਸ਼ਲਾਘਾ ਕੀਤੀ। ਜੈ ਸ਼ਾਹ ਨੇ ਕਿਹਾ, ‘‘ਇਸ ਟੀਮ ਨੇ ਆਪਣੀ ਸਮਰਪਣ ਭਾਵਨਾ, ਸਖ਼ਤ ਮਿਹਨਤ ਅਤੇ ਦ੍ਰਿੜ੍ਹ ਭਾਵਨਾ ਨਾਲ ਸਾਨੂੰ ਸਾਰਿਆਂ ਨੂੰ ਮਾਣ ਮਹਿਸੂਸ ਕਰਵਾਇਆ ਹੈ। ਰੋਹਿਤ ਸ਼ਰਮਾ ਦੀ ਅਗਵਾਈ ਅਤੇ ਵਿਰਾਟ ਕੋਹਲੀ, ਜਸਪ੍ਰੀਤ ਬੁਮਰਾਹ ਤੇ ਹੋਰਾਂ ਦੀ ਮਦਦ ਨਾਲ ਉਨ੍ਹਾਂ ਨੇ 140 ਕਰੋੜ ਭਾਰਤੀਆਂ ਦੇ ਸੁਫ਼ਨੇ ਪੂਰੇ ਕੀਤੇ ਹਨ।

Related Post