ਸਰਕਾਰ ਦੀ ਦਖਲਅੰਦਾਜੀ ਕਾਰਨ ਰੋਕੇ ਗਏ 15 ਬਾਲ ਵਿਆਹ : ਕੈਬਨਿਟ ਮੰਤਰੀ
ਚੰਡੀਗੜ੍ਹ, 12 ਜੂਨ 2026 : ਪੰਜਾਬ ਦੀਆਂ ਵੱਖ-ਵੱਖ ਥਾਵਾਂ 'ਤੇ ਪੰਜਾਬ ਸਰਕਾਰ (Punjab Government) ਵਲੋਂ ਕੀਤੀ ਗਈ ਦਖਲਅੰਦਾਜ਼ੀ ਦੇ ਕਾਰਨ ਅਪੈ੍ਰਲ 2026 ਮਹੀਨੇ ਵਿਚ 15 ਬਾਲ ਵਿਆਹ (Child marriage) ਰੋਕੇ ਗਏ ਹਨ ।
ਬਾਲ ਵਿਆਹ ਬੱਚਿਆਂ ਦੇ ਅਧਿਕਾਰਾਂ ਅਤੇ ਸੁਨਹਿਰੇ ਭਵਿੱਖ 'ਤੇ ਹੈ ਗੰਭੀਰ ਹਮਲਾ : ਡਾ. ਬਲਜੀਤ ਕੌਰ
ਸਖ਼ਤ ਕਾਨੂੰਨ ਹੋਣ ਦੇ ਬਾਵਜੂਦ ਸੂਬੇ ਵਿਚ ਬਾਲ ਵਿਆਹ ਦਾ ਰਿਵਾਜ਼ ਰੁਕ ਨਹੀਂ ਰਿਹਾ । ਸਰਕਾਰ ਦੀ ਦਖਲਅੰਦਾਜ਼ੀ ਕਾਰਨ ਅਪ੍ਰੈਲ 2026 ’ਚ 15 ਬਾਲ ਵਿਆਹ ਹੋਣ ਤੋ ਰੋਕੇ ਗਏ ਹਨ। ਇਹ ਉਹ ਮਾਮਲੇ ਹਨ, ਜਿਹੜੇ ਸਰਕਾਰ ਜਾਂ ਪ੍ਰਸ਼ਾਸਨ ਦੇ ਧਿਆਨ ਵਿਚ ਆ ਗਏ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ (Child Development Minister) ਡਾ. ਬਲਜੀਤ ਕੌਰ ਨੇ ਕਿਹਾ ਕਿ ਬਾਲ ਵਿਆਹ ਸਿਰਫ਼ ਕਾਨੂੰਨੀ ਅਪਰਾਧ ਹੀ ਨਹੀਂ, ਸਗੋਂ ਬੱਚਿਆਂ ਦੇ ਅਧਿਕਾਰਾਂ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ `ਤੇ ਗੰਭੀਰ ਹਮਲਾ ਹੈ। ਉਨ੍ਹਾਂ ਕਿਹਾ ਕਿ ਰੋਕਿਆ ਗਿਆ ਹਰ ਬਾਲ ਵਿਆਹ ਇੱਕ ਬੱਚੇ ਦੇ ਬਚਪਨ ਦੀ ਰੱਖਿਆ, ਉਸਦੀ ਸਿੱਖਿਆ ਦੀ ਸੁਰੱਖਿਆ ਅਤੇ ਉਸ ਦੇ ਸੁਪਨਿਆਂ ਨੂੰ ਨਵੀਂ ਉਡਾਣ ਦੇਣ ਦੇ ਬਰਾਬਰ ਹੈ ।
ਕਿਸੇ ਵੀ ਬੱਚੇ ਦੀ ਥਾਂ ਵਿਆਹ ਮੰਡਪ ਨਹੀਂ ਬਲਕਿ ਸਕੂਲ ਹੈ
ਡਾ. ਬਲਜੀਤ ਕੌਰ (Dr. Baljit Kaur) ਨੇ ਕਿਹਾ ਕਿ ਕਿਸੇ ਵੀ ਬੱਚੇ ਦਾ ਸਥਾਨ ਵਿਆਹ ਦੇ ਮੰਡਪ ਵਿਚ ਨਹੀਂ, ਸਗੋਂ ਸਕੂਲ ਵਿਚ ਹੈ । ਪੰਜਾਬ ਸਰਕਾਰ ਹਰ ਬੱਚੇ ਨੂੰ ਸੁਰੱਖਿਅਤ ਬਚਪਨ, ਗੁਣਵੱਤਾ ਭਰਪੂਰ ਸਿੱਖਿਆ ਅਤੇ ਬਿਹਤਰ ਭਵਿੱਖ ਦਾ ਮੌਕਾ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ । ਉਨ੍ਹਾਂ ਦੱਸਿਆ ਕਿ ਬਾਲ ਵਿਆਹ ਦੀ ਰੋਕਥਾਮ ਅਤੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਅਪ੍ਰੈਲ ਮਹੀਨੇ ਦੌਰਾਨ ਸੂਬੇ ਭਰ ਵਿੱਚ 3000 ਤੋਂ ਵੱਧ ਜਾਗਰੂਕਤਾ ਗਤੀਵਿਧੀਆਂ ਆਯੋਜਿਤ ਕੀਤੀਆਂ ਗਈਆਂ। ਸਕੂਲਾਂ, ਪਿੰਡਾਂ, ਆਂਗਣਵਾੜੀ ਕੇਂਦਰਾਂ ਅਤੇ ਵੱਖ-ਵੱਖ ਭਾਈਚਾਰਿਆਂ ਵਿੱਚ ਕਰਵਾਏ ਗਏ ਇਨ੍ਹਾਂ ਪ੍ਰੋਗਰਾਮਾਂ ਰਾਹੀਂ ਮਾਪਿਆਂ, ਨੌਜਵਾਨਾਂ ਅਤੇ ਆਮ ਲੋਕਾਂ ਨੂੰ ਬਾਲ ਵਿਆਹ ਦੇ ਨੁਕਸਾਨਾਂ ਅਤੇ ਬੱਚਿਆਂ ਦੇ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਗਿਆ ।
ਬੱਚਿਆਂ ਨਾਲ ਸਬੰਧਤ ਕਿਸੇ ਵੀ ਸ਼ੱਕੀ ਮਾਮਲੇ ਦੀ ਜਾਣਕਾਰੀ 1098 ਤੇ ਦਿੱਤੀ ਜਾ ਸਕਦੀ ਹੈ
ਮੰਤਰੀ ਨੇ ਦੱਸਿਆ ਕਿ ਜਿ਼ਲ੍ਹਾ ਬਾਲ ਸੁਰੱਖਿਆ ਯੂਨਿਟਾ, ਚਾਈਲਡ ਵੈਲਫੇਅਰ ਕਮੇਟੀਆਂ, ਸਥਾਨਕ ਪ੍ਰਸ਼ਾਸਨ ਅਤੇ ਹੋਰ ਸਬੰਧਤ ਵਿਭਾਗਾਂ ਵੱਲੋਂ ਆਪਸੀ ਤਾਲਮੇਲ ਨਾਲ ਕੰਮ ਕਰਦਿਆਂ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਬਾਲ ਵਿਆਹ, ਬਾਲ ਸ਼ੋਸ਼ਣ, ਬਾਲ ਮਜ਼ਦੂਰੀ ਜਾਂ ਬੱਚਿਆਂ ਨਾਲ ਸਬੰਧਤ ਕਿਸੇ ਵੀ ਸ਼ੱਕੀ ਮਾਮਲੇ ਦੀ ਸੂਚਨਾ ਚਾਈਲਡ ਹੈਲਪਲਾਈਨ 1098 `ਤੇ ਦਿੱਤੀ ਜਾ ਸਕਦੀ ਹੈ, ਜਿਸ ਉਪਰੰਤ ਤੁਰੰਤ ਦਖ਼ਲਅੰਦਾਜ਼ੀ ਅਤੇ ਲੋੜੀਂਦੀ ਕਾਰਵਾਈ ਕੀਤੀ ਜਾਂਦੀ ਹੈ । ਸ਼ੱਕੀ ਮਾਮਲਿਆਂ ਵਿੱਚ ਸਮੇਂ ਸਿਰ ਕਾਰਵਾਈ ਕਰਕੇ ਬੱਚਿਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਕੀਤੀ ਜਾਂਦੀ ਹੈ ।
