
ਏ. ਡੀ. ਸੀ. ਵੱਲੋਂ ਜ਼ਿਲ੍ਹਾ ਸਿਹਤ ਸੁਸਾਇਟੀ ਦੇ ਕੰਮ ਦਾ ਜਾਇਜ਼ਾ
- by Jasbeer Singh
- January 14, 2025

ਏ. ਡੀ. ਸੀ. ਵੱਲੋਂ ਜ਼ਿਲ੍ਹਾ ਸਿਹਤ ਸੁਸਾਇਟੀ ਦੇ ਕੰਮ ਦਾ ਜਾਇਜ਼ਾ -ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਿਭਾਗ ਨੂੰ ਹਦਾਇਤਾਂ ਪਟਿਆਲਾ, 14 ਜਨਵਰੀ : ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ ਨੇ ਅੱਜ ਜ਼ਿਲ੍ਹਾ ਸਿਹਤ ਸੁਸਾਇਟੀ ਦੀ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪਿਛਲੇ ਮਹੀਨੇ ਜਾਰੀ ਕੀਤੀਆਂ ਹਦਾਇਤਾਂ ਉਤੇ ਸਿਹਤ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਦੀ ਸਮੀਖਿਆ ਕਰਦਿਆਂ ਕਿਹਾ ਕਿ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਿਭਾਗ ਹਰੇਕ ਸਿਹਤ ਸਕੀਮ ਰਾਹੀਂ ਲੋਕਾਂ ਨੂੰ ਮਿਲਣ ਵਾਲੀਆਂ ਸੇਵਾਵਾਂ ਸਮਾਂਬੱਧ ਕਰੇ ਤਾਂ ਜੋ ਕੰਮ ਦੇ ਹੋਰ ਬਿਹਤਰ ਨਤੀਜੇ ਸਾਹਮਣੇ ਆ ਸਕਣ । ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜਨਨੀ ਸ਼ਿਸ਼ੂ ਸੁਰੱਖਿਆ ਕਾਰ੍ਰਿਆਕਰਮ, ਜਨਨੀ ਸੁਰੱਖਿਆ ਯੋਜਨਾ, ਸੁਮਨ, ਪਰਿਵਾਰ ਨਿਯੋਜਨ, ਆਰ. ਬੀ. ਐਸ. ਕੇ, ਐਨ. ਪੀ. ਸੀ. ਬੀ., ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ, ਰਾਸ਼ਟਰੀ ਵੈਕਟਰ ਬੋਰਨ ਡਜ਼ੀਜ਼ ਕੰਟਰੋਲ ਪ੍ਰੋਗਰਾਮ ਤੇ ਟੀ.ਬੀ. ਕੰਟਰੋਲ ਪ੍ਰੋਗਰਾਮ ਦੀ ਸਮੀਖਿਆ ਕੀਤੀ ਗਈ ਅਤੇ ਇਨ੍ਹਾਂ ਸਕੀਮਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਨਿਰਦੇਸ਼ ਦਿੱਤੇ । ਨਵਰੀਤ ਕੌਰ ਸੇਖੋਂ ਨੇ ਮੀਟਿੰਗ ਦੌਰਾਨ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਦਾ ਜਾਇਜ਼ਾ ਲੈਂਦਿਆਂ ਸਕੂਲ ਵਿੱਚ ਪੜਦੇ ਛੋਟੇ ਬੱਚਿਆਂ ਦੀ ਸਿਹਤ ਜਾਂਚ ਕਰਨ ਅਤੇ ਸਹੀ ਸਮੇਂ ਟੀਕਾਕਰਨ ਕਰਵਾਉਣ ਲਈ ਮਾਤਾ-ਪਿਤਾ ਨੂੰ ਜਾਗਰੂਕ ਦੀ ਹਦਾਇਤ ਕੀਤੀ। ਮੀਟਿੰਗ 'ਚ ਜ਼ਿਲ੍ਹੇ ਦੇ ਸਮੂਹ ਐਸ. ਐਮ. ਓਜ਼ ਵੀ ਮੌਜੂਦ ਸਨ ।