
ਬਰਨਾਲਾ ’ਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦਾ ਬਰਛਾ ਮਾਰ ਕੇ ਕੀਤਾ ਕਤਲ
- by Jasbeer Singh
- December 16, 2024

ਬਰਨਾਲਾ ’ਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਦਾ ਬਰਛਾ ਮਾਰ ਕੇ ਕੀਤਾ ਕਤਲ ਪੰਜਾਬ ਅੰਦਰ ਲਗਾਤਾਰ ਕਤਲ ਵਰਗੀਆਂ ਵੱਡੀਆਂ ਘਟਨਾਵਾਂ ਵਿਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਇਸੇ ਦੇ ਚਲਦਿਆਂ ਬਰਨਾਲਾ ਦੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਦੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਸੁਖਜੀਤ ਸਿੰਘ (26) ਦਾ ਬੇਰਹਿਮੀ ਨਾਲ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਮੌਕੇ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਚ ਪਹੁੰਚੇ ਮ੍ਰਿਤਕ ਸਰਪੰਚ ਸੁਖਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪਿੰਡ ਦੇ ਵਿਅਕਤੀਆਂ ’ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਸਰਪੰਚੀ ਚੋਣਾਂ ਨੂੰ ਲੈ ਕੇ ਪਿੰਡ ਦੇ ਵਿਅਕਤੀ ਉਹਨਾਂ ਨਾਲ ਰੰਜਿਸ਼ ਰੱਖ ਰਹੇ ਸਨ। ਜਦ ਪਿੰਡ ਦੇ ਕੁਝ ਵਿਅਕਤੀ ਪਿੰਡ ਵਿਚ ਚਿੱਟੇ ਦਾ ਨਸ਼ਾ ਕਰ ਰਹੇ ਸਨ ਤਾਂ ਉਹਨਾਂ ਨੂੰ ਰੋਕਣ ਤੋਂ ਕੁਝ ਸਮੇਂ ਬਾਅਦ ਹੀ ਉਹ ਨਸ਼ਾ ਤਸਕਰ ਆਪਣੇ ਕਈ ਸਾਥੀਆਂ ਸਮੇਤ ਸਰਪੰਚ ਦੇ ਘਰ ਹਥਿਆਰ ਲੈ ਕੇ ਆ ਗਏ। ਜਿਸ ਤੋਂ ਬਾਅਦ ਮੌਜੂਦਾ ਸਰਪੰਚ ਅਤੇ ਉਸ ਦੇ ਸਾਥੀਆਂ ’ਤੇ ਜਾਨਲੇਵਾ ਹਮਲਾ ਕਰ ਦਿੱਤਾ।ਇਸ ਹਮਲੇ ਦੌਰਾਨ ਮੌਜੂਦਾ ਸਰਪੰਚ ਸੁਖਜੀਤ ਸਿੰਘ ਬਰਛਾ ਲਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਪਹਿਲਾਂ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸਿਵਿਲ ਹਸਪਤਾਲ ਬਰਨਾਲਾ ਭੇਜਿਆ ਗਿਆ ਪਰ ਰਾਸਤੇ ਵਿਚ ਹੀ ਸਰਪੰਚ ਸੁਖਜੀਤ ਸਿੰਘ ਦੀ ਮੌਤ ਹੋ ਗਈ। ਸਰਪੰਚ ਸੁਖਜੀਤ ਸਿੰਘ ਦੇ ਪਿਤਾ ਅਮਰਜੀਤ ਸਿੰਘ ਸਮੇਤ ਤਿੰਨ ਹੋਰ ਵਿਅਕਤੀ ਜ਼ਖ਼ਮੀ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਜਿੱਥੇ ਮੌਜੂਦਾ ਮ੍ਰਿਤਕ ਸਰਪੰਚ ਸੁਖਜੀਤ ਸਿੰਘ ਪਿੰਡ ਦਾ ਸਰਪੰਚ ਸੀ ਉੱਥੇ ਆਮ ਆਦਮੀ ਪਾਰਟੀ ਦਾ ਵੀ ਪੁਰਾਣਾ ਸਮਰਥਕ ਦੱਸਿਆ ਜਾ ਰਿਹਾ ਹੈ। ਇਸ ਦੁਖਦਾਈ ਘਟਨਾ ਨੂੰ ਲੈ ਕੇ ਵਿਧਾਨ ਸਭਾ ਹਲਕਾ ਭਦੋੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਮੌਕੇ ’ਤੇ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਪੁਲਿਸ ਪ੍ਰਸ਼ਾਸਨ ਨੂੰ ਆਦੇਸ਼ ਦਿਤੇ। ਦੱਸਣਯੋਗ ਹੈ ਕਿ ਜ਼ਿਲ੍ਹਾ ਬਰਨਾਲਾ ਵਿਚ ਸੁਖਜੀਤ ਸਿੰਘ ਸਭ ਤੋਂ ਘੱਟ ਉਮਰ ਦਾ ਸਰਪੰਚ ਸੀ। ਜਿਸ ਦੀ ਉਮਰ ਸਿਰਫ਼ 26 ਸਾਲ ਸੀ ਅਤੇ ਉਹ ਹਾਲੇ ਕੁਆਰਾ ਸੀ।
Related Post
Popular News
Hot Categories
Subscribe To Our Newsletter
No spam, notifications only about new products, updates.