ਕਪੂਰਥਲਾ ਪੁਲਸ ਨੇ ਕੀਤਾ ਲੁੱਟ-ਖੋਹ ਦੀ ਸਾਜਿਸ ਘੜਨ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਸੁਲਤਾਨਪੁਰ ਲੋਧੀ, 9 ਮਾਰਚ 2026 : ਪੰਜਾਬ ਦੇ ਜਿ਼ਲਾ ਕਪੂਰਥਲਾ ਦੀ ਪੁਲਸ ਨੇ ਸੁਲਤਾਨਪੁਰ ਲੋਧੀ ਵਿਖੇ ਲੁੱਟ-ਖੋਹ ਦੀ ਸਾਜਿਸ਼ ਘੜਨ ਵਾਲੇ ਦੋ ਵਿਅਕਤੀਆਂ ਨੂੰ ਪਕੜਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਕੀ ਸੀ ਸਮੁੱਚਾ ਮਾਮਲਾ ਕਪੂਰਥਲਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਸੁਲਤਾਨਪੁਰ ਲੋਧੀ ਵਿੱਚ ਆਰ. ਬੀ. ਐਲ. ਫਿਨਸਰਵ ਲਿਮਿਟਿਡ ਦੇ ਦੋ ਮੁਲਾਜਮਾਂ ਵੱਲੋਂ ਲੁੱਟ-ਖੋਹ ਦੀ ਝੂਠੀ ਕਹਾਣੀ ਰਚ ਕੇ ਕੁਲੈਕਸ਼ਨ ਕੀਤੀ ਰਕਮ ਗਬਨ ਕਰਨ ਦਾ ਮਾਮਲਾ ਬੇਨਕਾਬ ਹੋ ਗਿਆ । ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਨਕਦੀ ਅਤੇ ਹੋਰ ਸਮਾਨ ਬਰਾਮਦ ਕਰ ਲਿਆ ਹੈ । ਕੀ ਦੱਸਿਆ ਪੁਲਸ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਪੁਲਸ ਵੱਲੋਂ ਮਾੜੇ ਅਨਸਰਾਂ ਅਤੇ ਸਨੈਚਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਗੌਰਵ ਤੂਰਾ ਦੀਆਂ ਹਦਾਇਤਾਂ ਅਤੇ ਸਹਾਇਕ ਪੁਲਿਸ ਕਪਤਾਨ ਧਰੇਂਦਰ ਵਰਮਾ ਦੀ ਅਗਵਾਈ ਹੇਠ ਇੰਸਪੈਕਟਰ ਹਰਿੰਦਰ ਸਿੰਘ ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਦੀ ਟੀਮ ਨੇ ਕਾਰਵਾਈ ਕਰਦਿਆਂ ਇਸ ਮਾਮਲੇ ਦੀ ਗੁੱਥੀ ਸੁਲਝਾਈ। ਕੌਣ ਹਨ ਦੋਵੇਂ ਜਣੇ ਪੁਲਸ ਵਲੋਂ ਉਕਤ ਘਟਨਾਕ੍ਰਮ ਵਿਚ ਸ਼ਾਮਲ ਜਿਨ੍ਹਾਂ ਦੋ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਨਿਸ਼ਾਨ ਸਿੰਘ ਅਤੇ ਲਵਪ੍ਰੀਤ ਸਿੰਘ ਸ਼ਾਮਲ ਹਨ। ਪੁਲਸ ਨੇ ਦੋਸ਼ੀਆਂ ਪਾਸੋਂ 2 ਲੱਖ 65 ਹਜ਼ਾਰ ਰੁਪਏ ਨਕਦ, ਸੈਮਸੰਗ ਕੰਪਨੀ ਦਾ ਇੱਕ ਟੈਬ ਅਤੇ ਡਿਵਾਈਸ ਬਰਾਮਦ ਕੀਤੇ ਹਨ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਮਾਮਲੇ ਦੀ ਹੋਰ ਡੂੰਘਾਈ ਨਾਲ ਜਾਂਚ ਜਾਰੀ ਹੈ ।
