
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਦੌਰਾ
- by Jasbeer Singh
- May 29, 2025

ਪਾਣੀ ਬਚਾਓ ਪੰਜਾਬ ਬਚਾਓ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤਾਂ ਦਾ ਦੌਰਾ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਆਪਣੇ ਬੀਜੇ ਰਕਬੇ ਦੀ ਰਜਿਸਟ੍ਰੇਸ਼ਨ 30 ਜੂਨ ਤੋਂ ਪਹਿਲਾਂ ਪੋਰਟਲ www.agrimachinerypb.com/home/DSR/2025 'ਤੇ ਕਰਨ ਸੰਗਰੂਰ, 29 ਮਈ : ਪੰਜਾਬ ਸਰਕਾਰ ਵਲੋਂ ਪਾਣੀ ਬਚਾਓ ਪੰਜਾਬ ਬਚਾਓ ਮੁਹਿੰਮ ਤਹਿਤ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ, ਸੰਗਰੂਰ ਸ਼੍ਰੀ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਬੈਂਬੀ ਵੱਲੋਂ ਬਲਾਕ ਸੰਗਰੂਰ ਦੇ ਪਿੰਡ ਭੱਮਾਬੱਧੀ ਦੇ ਅਗਾਂਹਵਧੂ ਕਿਸਾਨ ਸ੍ਰ: ਜਗਦੀਸ਼ ਸਿੰਘ ਪੁੱਤਰ ਹਾਕਮ ਸਿੰਘ, ਜਿਨ੍ਹਾਂ ਵੱਲੋਂ 20 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ, ਦੇ ਖੇਤ ਦਾ ਵਿਸ਼ੇਸ਼ ਤੌਰ 'ਤੇ ਦੌਰਾ ਕਰ ਕੇ ਹੋਰਨਾਂ ਕਿਸਾਨਾਂ ਨੂੰ ਵੀ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਕੀਤੇ ਐਲਾਨ ਅਨੁਸਾਰ ਜਿਹੜਾ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰਦਾ ਹੈ, ਉਸ ਨੂੰ ਸਰਕਾਰ ਵਲੋਂ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦਿੱਤੀ ਜਾਣੀ ਹੈ। ਇਸ ਲਈ ਵੱਧ ਤੋਂ ਵੱਧ ਕਿਸਾਨ ਇਸ ਦਾ ਲਾਹਾ ਲੈਣ ਅਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਯੋਗਦਾਨ ਪਾਉਣ । ਇਸ ਮੌਕੇ ਮੁੱਖ ਖੇਤੀਬਾੜੀ ਅਫਸਰ, ਸੰਗਰੂਰ ਡਾ: ਧਰਮਿੰਦਰਜੀਤ ਸਿੰਘ ਸਿੱਧੂ ਨੇ ਝੋਨੇ ਦੀ ਸਿੱਧੀ ਬਿਜਾਈ ਦਾ ਨਿਰੀਖਣ ਕੀਤਾ ਅਤੇ ਨਾਲ ਹੀ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਵਿਚ ਆ ਰਹੀ ਨਦੀਨਾਂ ਦੀ ਸੱਮਸਿਆ ਅਤੇ ਕਰੰਡ ਸਬੰਧੀ ਆ ਰਹੀ ਸਮੱਸਿਆ ਦਾ ਵੀ ਮੌਕੇ 'ਤੇ ਨਿਪਟਾਰਾ ਕੀਤਾ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 15 ਤੋਂ 20 ਫ਼ੀਸਦ ਪਾਣੀ ਦੀ ਅਤੇ ਨਾਲ ਹੀ 7000 ਤੋਂ 8000 ਰੁਪਏ ਪ੍ਰਤੀ ਏਕੜ ਦੇ ਖਰਚੇ ਦੀ ਬੱਚਤ ਹੁੰਦੀ ਹੈ I ਇਸ ਤੋਂ ਇਲਾਵਾ ਡਾ: ਅਮਰਜੀਤ ਸਿੰਘ, ਬਲਾਕ ਖੇਤੀਬਾੜੀ ਅਫਸਰ, ਸੰਗਰੂਰ ਵੱਲੋਂ ਮੌਕੇ 'ਤੇ ਮੌਜੂਦ ਕਿਸਾਨਾਂ ਨੂੰ ਸਲਾਹ ਦਿੰਦਿਆਂ ਆਖਿਆ ਗਿਆ ਕਿ ਝੋਨੇ ਦੀ ਸਿੱਧੀ ਬਿਜਾਈ ਰੇਤਲੀ ਜ਼ਮੀਨਾਂ ਵਿੱਚ ਨਾ ਕੀਤੀ ਜਾਵੇ ਅਤੇ ਇਸ ਸਬੰਧੀ ਕਾਸ਼ਤ ਕਰਨ ਤੋਂ ਪਹਿਲਾਂ ਆਪਣੇ ਬਲਾਕ ਦੇ ਖੇਤੀਬਾੜੀ ਮਾਹਿਰਾਂ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ। ਉਹਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਚੋਣ, ਨਦੀਨਾਂ ਤੋਂ ਬਚਾਅ ਅਤੇ ਖਾਦਾਂ ਦੀ ਵਰਤੋਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ । ਡਾ. ਪਰਮਿੰਦਰ ਸਿੰਘ ਬੁੱਟਰ, ਖੇਤੀਬਾੜੀ ਵਿਕਾਸ ਅਫਸਰ, ਸੰਗਰੂਰ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਆਪਣੇ ਬੀਜੇ ਰਕਬੇ ਦੀ ਰਜਿਸਟ੍ਰੇਸ਼ਨ 30 ਜੂਨ ਤੋਂ ਪਹਿਲਾਂ ਆਨਲਾਈਨ ਪੋਰਟਲ www.agrimachinerypb.com/home/DSR/2025 'ਤੇ ਕਰਨੀ ਯਕੀਨੀ ਬਨਾਉਣ। ਇਸ ਮੌਕੇ ਖੇਤੀਬਾੜੀ ਉਪ ਨਿਰੀਖਿਕ ਸ਼੍ਰੀ ਰਮਨਦੀਪ ਸਿੰਘ ਅਤੇ ਸ਼੍ਰੀ ਦਪਿੰਦਰ ਸਿੰਘ ਅਤੇ ਪਿੰਡ ਦੇ ਹੋਰ ਅਗਾਂਹਵਧੂ ਕਿਸਾਨ ਮੌਜੂਦ ਸਨ।