post

Jasbeer Singh

(Chief Editor)

Latest update

ਏਡੀਡੀਪੀ ਨੇ ਬਜਰੰਗ ’ਤੇ ਲੱਗੀ ਅਸਥਾਈ ਮੁਅੱਤਲੀ ਹਟਾਈ

post-img

ਨੈਸ਼ਨਲ ਐਂਟੀ-ਡੋਪਿੰਗ ਏਜੰਸੀ ਦੇ ਅਨੁਸ਼ਾਸਨੀ ਪੈਨਲ (ਏਡੀਡੀਪੀ) ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਨਾਡਾ ਵੱਲੋਂ ਨੋਟਿਸ ਨਾ ਦਿੱਤੇ ਜਾਣ ਤੱਕ ਉਸ ’ਤੇ ਲਗਾਈ ਅਸਥਾਈ ਮੁਅੱਤਲੀ ਹਟਾ ਦਿੱਤੀ ਹੈ। ਪੂਨੀਆ ਨੇ ਮਾਰਚ ਵਿੱਚ ਚੋਣ ਟਰਾਇਲ ਮਗਰੋਂ ਡੋਪ ਟੈਸਟ ਲਈ ਨਮੂਨਾ ਦੇਣ ਤੋਂ ਇਨਕਾਰ ਕੀਤਾ ਸੀ। ਨਾਡਾ ਨੇ 23 ਅਪਰੈਲ ਨੂੰ ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਪੂਨੀਆ ’ਤੇ ਰੋਕ ਲਗਾ ਦਿੱਤੀ ਸੀ। ਇਸ ਮਗਰੋਂ ਯੂਨਾਇਟਿਡ ਵਰਲਡ ਰੈਸਲਿੰਗ ਨੇ ਵੀ ਇਹੀ ਕਾਰਵਾਈ ਕੀਤੀ ਸੀ। ਬਿਸ਼ਕੇਕ ਵਿੱਚ ਹੋਏ ਏਸ਼ਿਆਈ ਓਲੰਪਿਕ ਕੁਆਲੀਫਾਇਰ ਲਈ ਪੁਰਸ਼ ਟੀਮ ਦੇ ਚੋਣ ਟਰਾਇਲ 10 ਮਾਰਚ ਨੂੰ ਸੋਨੀਪਤ ਵਿੱਚ ਹੋਏ ਸੀ ਅਤੇ ਬਜਰੰਗ ਹਾਰਨ ਮਗਰੋਂ ਪਿਸ਼ਾਬ ਦਾ ਨਮੂੁਨਾ ਦਿੱਤੇ ਬਿਨਾਂ ਉੱਥੋਂ ਚਲਾ ਗਿਆ ਸੀ। ਉਸ ਨੇ ਤੀਜੇ-ਚੌਥੇ ਸਥਾਨ ਦੇ ਮੁਕਾਬਲੇ ਵਿੱਚ ਭਾਗ ਨਹੀਂ ਲਿਆ ਸੀ। ਬਜਰੰਗ ਨੇ ਆਪਣੇ ਵਕੀਲ ਰਾਹੀਂ ਅਸਥਾਈ ਮੁਅੱਤਲੀ ਨੂੰ ਚੁਣੌਤੀ ਦਿੱਤੀ ਸੀ। ਉਸ ਨੇ ਏਡੀਡੀਪੀ ਨੂੰ ਆਪਣੇ ਜੁਆਬ ਵਿੱਚ ਦੁਹਰਾਇਆ ਸੀ ਕਿ ਉਸ ਨੇ ਕਦੇ ਨਮੂਨਾ ਦੇਣ ਤੋਂ ਇਨਕਾਰ ਨਹੀਂ ਕੀਤਾ ਪਰ ਉਹ ਜਾਣਨਾ ਚਾਹੁੰਦਾ ਸੀ ਕਿ ਨਾਡਾ ਨੇ ਉਸ ਦੇ ਇਸ ਸੁਆਲ ਦਾ ਜੁਆਬ ਕਿਉਂ ਨਹੀਂ ਦਿੱਤਾ ਕਿ ਦਸੰਬਰ 2023 ਵਿੱਚ ਉਸ ਦੇ ਨਮੂਨੇ ਲੈਣ ਲਈ ‘ਐਕਸਪਾਇਰਡ ਕਿੱਟ’ (ਮਿਆਦ ਪੁੱਗੀ) ਕਿਉਂ ਭੇਜੀ ਗਈ ਸੀ। ਏਡੀਡੀਪੀ ਨੇ ਆਪਣੇ ਹੁਕਮ ਵਿੱਚ ਕਿਹਾ, ‘‘ਸੁਣਵਾਈ ਪੈਨਲ ਦੀ ਰਾਇ ਹੈ ਕਿ ਇਸ ਪੱਧਰ ’ਤੇ ਜਦੋਂ ਅਥਲੀਟ ਨੂੰ ਦੋਸ਼ ਦਾ ਨੋਟਿਸ ਜਾਰੀ ਕੀਤਾ ਜਾਣਾ ਬਾਕੀ ਹੈ ਅਤੇ ਨਮੂਨਾ ਦੇਣ ਤੋਂ ਇਨਕਾਰ ਕਰਨ ਲਈ ਅਥਲੀਟ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ਨੂੰ ਵਿਚਾਰੇ ਬਿਨਾਂ ਅਤੇ ਨਾਡਾ ਤਰਫ਼ੋਂ ਪੇਸ਼ ਵਕੀਲ ਦੀ ਦਲੀਲ ਦਾ ਜੁਆਬ ਦਿੱਤੇ ਬਿਨਾਂ, ਅਥਲੀਟ ਦੀ ਅਸਥਾਈ ਮੁਅੱਤਲੀ ਉਦੋਂ ਤੱਕ ਰੱਦ ਕੀਤਾ ਜਾਂਦਾ ਹੈ, ਜਦੋਂ ਤੱਕ ਕਿ ਨਾਡਾ ਅਥਲੀਟ ਨੂੰ ਡੋਪਿੰਗ ਰੋਕੂ ਨਿਯਮ, 2021 ਦੀ ਉਲੰਘਣਾ ਲਈ ਰਸਮੀ ਤੌਰ ’ਤੇ ਦੋਸ਼ ਲਗਾਉਣ ਦਾ ਨੋਟਿਸ ਜਾਰੀ ਕਰਨ ਦਾ ਫ਼ੈਸਲਾ ਨਹੀਂ ਕਰਦਾ।

Related Post