ਐਰੋ ਸ਼ੋਅ 'ਚ ਹਵਾਈ ਜਹਾਜ ਮਾਡਲਾਂ ਦੇ ਕਰਤੱਬਾਂ ਨੇ ਕੀਲੇ ਦਰਸ਼ਕ
- by Jasbeer Singh
- February 14, 2026
ਐਰੋ ਸ਼ੋਅ 'ਚ ਹਵਾਈ ਜਹਾਜ ਮਾਡਲਾਂ ਦੇ ਕਰਤੱਬਾਂ ਨੇ ਕੀਲੇ ਦਰਸ਼ਕ -ਸੈਸਨਾ-206 ਵੱਲੋਂ ਫੁੱਲਾਂ ਦੀ ਵਰਖਾ, ਜਹਾਜਾਂ ਦੇ ਮਾਡਲ ਤੇ ਰਿਮੋਟ ਕੰਟਰੋਲ ਕਾਰਾਂ ਦੀ ਪ੍ਰਦਰਸ਼ਨੀ ਰਹੀ ਦਿਲਚਸਪ -ਸੂਬੇ ਦੀ ਅਮੀਰ ਵਿਰਾਸਤ ਨੂੰ ਸੰਭਾਲ ਰਹੀ ਹੈ ਪੰਜਾਬ ਸਰਕਾਰ- ਚੇਤਨ ਸਿੰਘ ਜੌੜਾਮਾਜਰਾ - ਮੁੱਖ ਮਹਿਮਾਨ ਵਜੋਂ ਪੁੱਜੇ ਵਿਧਾਇਕ ਜੌੜਾਮਾਜਰਾ ਸਮੇਤ ਸੀ.ਏ ਪੀਡੀਏ, ਏ.ਡੀ.ਸੀ, ਸੰਯੁਕਤ ਕਮਿਸ਼ਨਰ, ਵੱਡੀ ਗਿਣਤੀ ਪਟਿਆਲਵੀਆਂ ਤੇ ਵਿਦਿਆਰਥੀਆਂ ਵੱਲੋਂ ਸ਼ਮੂਲੀਅਤ ਪਟਿਆਲਾ, 14 ਫਰਵਰੀ 2026 : ਪਟਿਆਲਾ ਹੈਰੀਟੇਜ ਫੈਸਟੀਵਲ-2026 ਦੇ ਸਮਾਰੋਹਾਂ ਦੀ ਲੜੀ ਤਹਿਤ ਇਥੇ ਸੰਗਰੂਰ ਰੋਡ 'ਤੇ ਸਿਵਲ ਏਵੀਏਸ਼ਨ ਕਲੱਬ ਵਿਖੇ ਵੱਖ-ਵੱਖ ਹਵਾਈ ਜਹਾਜਾਂ ਦੇ ਮਾਡਲਾਂ ਵੱਲੋਂ ਦਿਖਾਏ ਗਏ ਕਰਤੱਬਾਂ ਨੇ ਖੂਬ ਤਾੜੀਆਂ ਬਟੋਰੀਆਂ । ਇਨ੍ਹਾਂ ਮਾਡਲ ਜਹਾਜਾਂ ਦੇ ਚਾਲਕਾਂ ਨੇ ਇਨ੍ਹਾਂ ਦੇ ਲੂਪ, ਰੋਲ, ਸਪਿੰਨ, ਲੋਅ ਪਾਸ, ਵਿੰਗ ਓਵਰ, ਨਾਇਫ਼ ਐਜ਼ ਅਤੇ ਕਈ ਹੋਰ ਕਰਤੱਬ ਦਿਖਾਏ, ਜਿਨ੍ਹਾਂ ਨੇ ਦਰਸ਼ਕਾਂ ਨੂੰ ਮੋਹ ਲਿਆ। ਇਸ ਸਮੇਂ ਸੈਸਨਾ-206 ਦੀ ਵਿਸ਼ੇਸ਼ ਉਡਾਣ ਸਮੇਤ ਰਿਮੋਟ ਕੰਟਰੋਲ ਕਾਰਾਂ ਦੇ ਕਰਤੱਬ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ । ਇਸ ਸਮੇਂ ਮੁੱਖ ਮਹਿਮਾਨ ਵਜੋਂ ਪੁੱਜੇ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ । ਜੌੜਾਮਾਜਰਾ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਜੰਗ, ਯੁੱਧ ਨਸ਼ਿਆਂ ਵਿਰੁੱਧ ਵਿੱਚ ਹਿੱਸਾ ਪਾਉਣ ਲਈ ਅੱਗੇ ਆਉਣ । ਐਰੋ ਮਾਡਲਿੰਗ ਦੇ ਨੋਡਲ ਅਫ਼ਸਰ ਤੇ ਏ.ਡੀ.ਸੀ. (ਜ) ਸਿਮਰਪ੍ਰੀਤ ਕੌਰ ਨੇ ਡਿਪਟੀ ਕਮਿਸਨਰ ਵਰਜੀਤ ਵਾਲੀਆ ਦੀ ਅਗਵਾਈ ਹੇਠ ਹੋਏ ਇਸ ਸਮਾਰੋਹ ਦੀ ਸਫ਼ਲਤਾ ਲਈ ਜ਼ਿਲ੍ਹਾ ਪ੍ਰਸ਼ਾਸਨ ਦੀ ਸਮੁੱਚੀ ਟੀਮ ਦੀ ਸ਼ਲਾਘਾ ਕਰਦਿਆਂ ਪਟਿਆਲਾ ਏਵੀਏਸ਼ਨ ਕਲੱਬ ਦੇ ਚੀਫ਼ ਫ਼ਲਾਇੰਗ ਇੰਸਟ੍ਰਕਟਰ ਕੈਪਟਨ ਹਰਪ੍ਰੀਤ ਸਿੰਘ, ਪਟਿਆਲਾ ਐਰੋਮਾਡਲਿੰਗ ਐਸੋਸੀਏਸ਼ਨ, ਫੇਅਰਵਿੰਡ ਏਵੀਏਸ਼ਨ ਲੁਧਿਆਣਾ ਤੇ ਪੰਜਾਬ ਆਰ.ਸੀ. ਹੌਬੀਜ਼ ਲੁਧਿਆਣਾ ਵਲੋਂ ਦਿਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਪਟਿਆਲਾ ਦੀ ਵਿਰਾਸਤ ਸਾਡੇ ਆਪਸੀ ਭਾਈਚਾਰੇ ਤੇ ਫਿਰਕੂ ਇਕਸੁਰਤਾ ਦੀ ਇਕ ਖਾਸ ਉਦਾਹਰਣ ਹੈ ਅਤੇ ਇਸੇ ਲਈ ਹੈਰੀਟੇਜ ਫੈਸਟੀਵਲ ਸਾਡੀ ਅਮੀਰ ਵਿਰਾਸਤ ਨੂੰ ਦਰਸਾ ਰਿਹਾ ਹੈ । ਐਰੋ ਮਾਡਲਿੰਗ ਸ਼ੋਅ ਮੌਕੇ ਫੇਅਰਵਿੰਡ ਏਵੀਏਸ਼ਨ ਲੁਧਿਆਣਾ ਦੇ ਕੈਪਟਨ ਐਸ.ਐਸ. ਹਾਰਾ ਨੇ ਸੈਸਨਾ 206 ਜਹਾਜ ਦੇ ਕਰਤੱਬ ਦਿਖਾਉਂਦਿਆਂ ਕਾਗਜ਼ੀ ਫੁੱਲਾਂ ਦੀ ਵਰਖਾ ਕੀਤੀ । ਜਦਕਿ ਐਰੋ ਮਾਡਲਿੰਗ ਕਲੱਬ ਪਟਿਆਲਾ ਦੇ ਪ੍ਰਧਾਨ ਸ਼ਿਵਰਾਜ ਸਿੰਘ ਡਿੰਪੀ ਘੁੰਮਣ ਨੇ ਪਾਇਪਰ ਕੱਬ 88 ਇੰਚ ਵਿੰਗ ਸਪੈਨ ਦੇ ਲੂਪ ਰੋਲ, ਸਪਿੰਨ, ਵਿੰਗ ਓਵਰ ਤੇ ਹੋਰ ਕਰੱਤਬ ਦਿਖਾਏ। ਉਨ੍ਹਾਂ ਦੇ ਪੋਤਰੇ ਤੇ ਵਾਈ.ਪੀ.ਐਸ. ਦੇ ਵਿਦਿਆਰਥੀ ਮਨਕਰਨ ਸਿੰਘ ਨੇ ਟੁੰਡਰਾ ਕੱਬ ਦਾ ਮਾਡਲ ਉਡਾਇਆ ਤੇ ਜਹਾਜ ਦਾ ਲੂਪ, ਵਿੰਗਓਵਰ ਤੇ ਰੋਲ ਕਰਤੱਬ ਦਿਖਾਏ। ਇਸੇ ਤਰ੍ਹਾ ਹੀ ਲੁਧਿਆਣਾ ਤੋਂ ਆਏ ਨਮਿੰਦਰ ਸਿੰਘ ਭੋਗਲ ਨੇ ਬੂੰਮ ਰੈਂਗ, ਬਿਜਲੀ ਨਿਗਮ ਦੇ ਐਕਸੀਐਨ ਇੰਜ ਹਰਸਿਮਰਨ ਸਿੰਘ ਹੈਰੀ ਨੇ ਕਲੈਮੈਟੋ, ਕਰਨ ਸਿੰਗਲਾ ਨੇ ਡਰੋਨ ਦੇ ਐਕਸ 8 ਤੇ 4 ਮਾਡਲ, ਲੁਧਿਆਣਾ ਤੋਂ 12 ਸਾਲਾ ਵਿਦਿਆਰਥੀ ਸੁਭੇਗ ਸਿੰਘ ਨੇ ਥ੍ਰੀ ਇਨ ਵਨ ਸਕਾਈ ਸਰਫਰ ਤੇ ਹੈਲੀਕਾਪਟਰ ਦੇ ਜੌਹਰ ਦਿਖਾਏ। ਚੰਡੀਗੜ੍ਹ ਤੋਂ ਪੁੱਜੇ ਮਨੀਸ਼ ਕੁਮਾਰ ਨੇ ਡਾਂਸਰ ਗਲਾਈਡਰ, ਗੌਰਵ ਨੇ ਪਿਕਰ ਮਾਡਲ ਅਤੇ ਮਨਰੀਤ ਸਿੰਘ ਨੇ ਐਮ. ਐਫ਼. ਐਸ. ਜੈਟ, ਲੁਧਿਆਣਾ ਦੇ ਤਾਨਿਕ ਨੇ ਐਕਰੋ ਆਰ. ਸੀ., ਸੁਪਰੀਤ ਸਿੰਘ ਨੇ ਸਕਾਈ ਸਰਫਰ, ਬੀਰਇੰਦਰ ਸਿੰਘ ਵੱਲੋਂ ਹੈਲੀਕਾਪਟਰ ਉਡਾਉਣ ਸਮੇਤ ਕਰਨਾਲ ਤੋਂ ਆਏ ਜਗਦੀਪ ਕਪਿਲ ਨੇ ਹੈਲੀਕਾਪਟਰ ਦਾ ਇੰਜਨ ਪਾਵਰਡ ਮਾਡਲ ਉਡਾ ਕੇ ਦਿਖਾਇਆ। ਸ਼ੋਅ ਦੌਰਾਨ ਪੰਜਾਬ ਆਰ.ਸੀ. ਹੌਬੀਜ਼ ਲੁਧਿਆਣਾ ਦੇ ਮੈਂਬਰਾਂ ਬੀਰਇੰਦਰ ਸਿੰਘ, ਅਰੁਨਪ੍ਰੀਤ ਸਿੰਘ, ਸੁਪਰੀਤ ਸਿੰਘ ਨੇ ਸਿਟਰੌਨ ਇਲੈਕਟ੍ਰਿਕ, ਡੈਲਟਾ ਵਿੰਗ, ਵਿਲੇ ਮਿਲਟਰੀ ਜੀਪ, ਆਰ.ਸੀ. ਰੁਬੀਕੋਨ, ਆਰ.ਸੀ. ਬਾਈਕ ਲੈਸੀ ਬਰੈਂਡ, ਰੌਕ ਸਲਾਇਡ, ਆਰਮਾ ਮੌਜਾਵੇ ਰਿਮੋਟ ਕੰਟਰੋਲ ਕਾਰਾਂ ਤੇ ਮੋਟਰਸਾਇਕਲ ਮਾਡਲਾਂ ਦੇ ਕਰਤੱਬ ਦਿਖਾਏ। ਇਸ ਮੌਕੇ ਪੰਜਾਬ ਪੈਰਾ ਗਲਾਇਡਿੰਗ ਐਸੋਸੀਏਸ਼ਨ ਦੇ ਸਰਪੰਚ ਸੁਖਚਰਨ ਸਿੰਘ ਨਿੱਕਾ ਬਰਾੜ ਦਾ ਪੈਰਾ ਗਲਾਇਡਰ ਸਮੇਤ ਵੱਖ-ਵੱਖ ਜਹਾਜਾਂ ਦੇ ਮਾਡਲ ਸੁਪਰ ਹੌਟਸ, ਈਸਪੋਰਟ, ਹਾਰਬਰ ਏਅਰ, ਕਲੈਮੈਟੋ ਲੋਅਰਵਿੰਗ ਤੇ ਕੱਬ ਦੇ ਮਾਡਲਾਂ ਸਮੇਤ ਪਟਿਆਲਾ ਏਵੀਏਸ਼ਨ ਕਲੱਬ ਵੱਲੋਂ ਹੈਂਗਰਾਂ ਦੇ ਬਾਹਰ ਖੜ੍ਹੇ ਕੀਤੇ ਜਹਾਜ ਸੈਸਨਾ 172, ਟੈਕਨੈਮ ਮਲਟੀਇੰਜਨ ਸਮੇਤ ਪੰਜਾਬ ਏਅਰਕਰਾਫਟ ਮੈਨਟੀਨੈਂਸ ਇੰਜੀਨੀਅਰਿੰਗ ਕਾਲਜ ਦੇ ਲੀਅਰ, ਪੁਸ਼ਪਕ ਤੇ ਹੰਸਾ ਜਹਾਜਾਂ ਨੇ ਵੀ ਦਰਸ਼ਕਾਂ ਦਾ ਧਿਆਨ ਖਿੱਚਿਆ । ਆਈ. ਟੀ. ਬੀ. ਪੀ. ਦੀ ਟੁਕੜੀ ਨੇ ਪਲਟੂਨ ਕਮਾਂਡਰ ਐਸ.ਆਈ. ਜਗਰੂਪ ਦੀ ਅਗਵਾਈ ਹੇਠ ਮਾਰਚ ਪਾਸਟ ਕੀਤਾ। ਸਮਾਰੋਹ ਦੌਰਾਨ ਪੀਡੀਏ ਦੇ ਮੁੱਖ ਪ੍ਰਸ਼ਾਸਕ ਅਪਰਨਾ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦੀਪਜੋਤ ਕੌਰ, ਕੈਪਟਨ ਅਮਰਜੀਤ ਸਿੰਘ ਜੇਜੀ, ਇੰਦਰਜੀਤ ਸਿੰਘ ਸਿੱਧੂ ਬੌਬੀ, ਗੁਰਵੀਰ ਸਿੱਧੂ, ਤੇਜਿੰਦਰ ਸਿੰਘ ਤੇਜੀ, ਕਸ਼ਮਿੰਦਰ ਸਿੰਘ, ਕੈਪਟਨ ਰਕੇਸ਼ ਸ਼ਰਮਾ, ਏਵੀਏਸ਼ਨ ਕਲੱਬ ਦੇ ਸੇਫ਼ਟੀ ਮੈਨੇਜਰ ਖੁਸ਼ਹਾਲ ਕੌਸ਼ਲ, ਬਾਗਬਾਨੀ ਵਿਭਾਗ ਦੇ ਸਹਾਇਕ ਡਾਇਰੈਕਟਰ ਹਰਿੰਦਰਪਾਲ ਸਿੰਘ, ਡਿਪਟੀ ਕਮਿਸ਼ਨਰ ਦਫ਼ਤਰ ਦੇ ਐਮ.ਏ. ਰਘਬੀਰ ਸਿੰਘ, ਨਾਜਰ ਮਹਿੰਦਰ ਸਿੰਘ, ਜਸਵਿੰਦਰ ਸਿੰਘ ਜੱਸੀ ਤੇ ਵਿਕਰਮ ਸਮੇਤ ਮੈਰੀਟੋਰੀਅਸ ਸਕੂਲ ਸਮੇਤ ਹੋਰ ਸਕੂਲਾਂ ਕਾਲਜਾਂ ਦੇ ਵੱਡੀ ਗਿਣਤੀ ਪਟਿਆਲਵੀ, ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਜਹਾਜ ਦੇਖੇ ਅਤੇ ਵੱਖ-ਵੱਖ ਹਵਾਈ ਜਹਾਜਾਂ ਦੇ ਮਾਡਲਾਂ ਦੇ ਕਰਤੱਬਾਂ ਦਾ ਆਨੰਦ ਮਾਣਿਆ ।
