
ਡੀ ਸੀ ਪਟਿਆਲਾ ਦੇ ਭਰੋਸੇ ਤੋਂ ਬਾਅਦ ਨਾਭਾ ਵਿਖੇ ਧਰਨਾ ਸਮਾਪਤ
- by Jasbeer Singh
- September 28, 2024

ਡੀ ਸੀ ਪਟਿਆਲਾ ਦੇ ਭਰੋਸੇ ਤੋਂ ਬਾਅਦ ਨਾਭਾ ਵਿਖੇ ਧਰਨਾ ਸਮਾਪਤ ਪਟਿਆਲਾ : ਪਿਛਲੇ ਹਫਤੇ ਤੈਅ ਕੀਤੇ ਅਨੁਸਾਰ ਡੈਮੋਕਰੇਟਿਕ ਮਨਰੇਗਾ ਫਰੰਟ ਦੀ ਅੱਜ ਡਿਪਟੀ ਕਮਿਸ਼ਨਰ ਪਟਿਆਲਾ ਨਾਲ ਮੀਟਿੰਗ ਹੋਈ ਜਿਸ ਪਿੱਛੋ ਨਾਭਾ ਬੀਡੀਪੀਓ ਦਫ਼ਤਰ ਵਿਖੇ ਚੱਲ ਰਹੇ ਪੱਕੇ ਧਰਨੇ ਨੂੰ 59 ਵੇ ਦਿਨ ਸਮਾਪਤ ਕੀਤਾ ਗਿਆ । ਮੀਟਿੰਗ ਵਿੱਚ ਫਰੰਟ ਦੇ ਆਗੂਆਂ ਨੇ ਮਨਰੇਗਾ ਚ ਅਧਿਕਾਰੀਆਂ ਵੱਲੋਂ ਕਾਨੂੰਨ ਦੀ ਉਲੰਘਣਾ ਕਾਰਨ ਹੁੰਦੇ ਸਰਕਾਰ ਅਤੇ ਮਜ਼ਦੂਰਾਂ ਦੇ ਨੁਕਸਾਨ ਦੀ ਗੱਲ ਚੱਕੀ। ਮ੍ਰਿਤਕਾਂ ਦੀਆਂ, ਵਿਦੇਸ਼ ਬੈਠੇ ਵਿਅਕਤੀਆਂ ਦੀਆਂ ਜਾਂ ਹੋਰ ਜਾਅਲੀ ਹਾਜ਼ਰੀਆਂ ਦੇ ਸਬੂਤ ਦੇਣ ਦੇ ਨਾਲ ਨਾਲ ਮਜ਼ਦੂਰਾਂ ਵੱਲੋਂ ਕੀਤੇ ਕੰਮ ਦੀ ਮੰਗ ਨੂੰ ਹਫਤੇ ਦੇ ਅੰਦਰ ਅੰਦਰ ਆਨਲਾਈਨ ਚੜਾਉਣ ਦੀ ਮੰਗ ਰੱਖੀ ਗਈ । ਵੱਖ ਵੱਖ ਪੜਤਾਲਾਂ ਵਿੱਚ ਲੋਕਪਾਲ ਜਾਂ ਉੱਪਰਲੇ ਅਧਿਕਾਰੀਆਂ ਵੱਲੋਂ ਦੋਸ਼ੀ ਠਹਿਰਾਏ ਮੁਲਾਜ਼ਮਾਂ ਤੋਂ ਕੋਈ ਰਿਕਵਰੀ ਨਾ ਕਰਾਉਣ ਅਤੇ ਮਜ਼ਦੂਰਾਂ ਦੀਆ ਸ਼ਿਕਾਇਤਾਂ ਨੂੰ ਕਾਨੂੰਨ ਮੁਤਾਬਿਕ ਨਾ ਨਿਬੇੜਨ ਕਰਕੇ ਏਡੀਸੀ ਪਟਿਆਲਾ ਅਤੇ ਬੀਡੀਪੀਓ ਨਾਭਾ ਖਿਲਾਫ ਐਕਟ ਮੁਤਾਬਕ ਕਾਰਵਾਈ ਦੀ ਮੰਗ ਉਠਾਈ ਗਈ । ਇਸ ਮੌਕੇ ਪੰਚਾਇਤੀ ਚੋਣਾਂ ਨੂੰ ਧਿਆਨ ਚ ਰੱਖਦੇ ਹੋਏ ਡੀਸੀ ਪ੍ਰੀਤੀ ਯਾਦਵ ਨੇ ਏਡੀਸੀ ਪਟਿਆਲਾ ਅਨੁਪ੍ਰੀਤ ਜੌਹਲ ਨੂੰ ਸਾਰੀਆਂ ਅਰਜ਼ੀਆਂ ਦਾ ਨਬੇੜਾ 5 ਨਵੰਬਰ ਤੱਕ ਕਰਨ ਲਈ ਪਾਬੰਦ ਕਰਦੇ ਹੋਏ ਜਥੇਬੰਦੀ ਨੂੰ ਭਰੋਸਾ ਦਿੱਤਾ ਕਿ ਇੱਕ ਇੱਕ ਅਰਜ਼ੀ ਦਾ ਨਿਬੇੜਾ ਕਾਨੂੰਨ ਮੁਤਾਬਕ ਹੋਵੇਗਾ ਤੇ ਕਸੂਰਵਾਰ ਉੱਪਰ ਕਾਰਵਾਈ ਜਰੂਰ ਹੋਵੇਗੀ । ਇਸ ਭਰੋਸੇ ਤੋਂ ਬਾਅਦ ਡੈਮੋਕਰੇਟਿਕ ਮਨਰੇਗਾ ਫਰੰਟ ਨੇ ਨਾਭਾ ਬੀਡੀਪੀਓ ਦਫ਼ਤਰ ਵਿਖੇ ਚਲਦੇ ਧਰਨੇ ਨੂੰ ਸਮਾਪਤ ਕਰਨ ਦਾ ਐਲਾਨ ਕੀਤਾ। ਫਰੰਟ ਸੂਬਾ ਪ੍ਰਧਾਨ ਰਾਜਕੁਮਾਰ ਸਿੰਘ ਕਨਸੂਹਾ, ਜਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਰਾਮਗੜ੍ਹ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸਮੂਹ ਨਰੇਗਾ ਸਟਾਫ ਦੀ ਬਦਲੀ ਤਾਂ ਪਹਿਲਾਂ ਹੀ ਕਰ ਦਿੱਤੀ ਸੀ ਜਿਸ ਕਾਰਨ ਸਾਨੂੰ ਉਮੀਦ ਹੈ ਕਿ ਹੁਣ ਰਿਕਾਰਡ ਨਾਲ ਛੇੜਛਾੜ ਕੀਤੇ ਬਿਨਾਂ ਸਹੀ ਪੜਤਾਲ ਵੀ ਹੋਵੇਗੀ । ਇਸ ਮੌਕੇ ਜਿਲ੍ਹਾ ਸਕੱਤਰ ਰਮਨਜੋਤ ਕੌਰ ਬਾਬਰਪੁਰ, ਲਖਵੀਰ ਸਿੰਘ ਲਾਡੀ, ਕੁਲਵੰਤ ਕੌਰ ਥੂਹੀ, ਸੁਖਵਿੰਦਰ ਕੌਰ ਨੌਹਰਾ, ਕੇਵਲ ਸਿੰਘ ਕੋਟ ਅਤੇ ਆਈ ਡੀ ਪੀ ਦੇ ਸੂਬਾ ਆਗੂ ਗੁਰਮੀਤ ਸਿੰਘ ਥੂਹੀ ਮੌਜੂਦ ਸਨ ।