go to login
post

Jasbeer Singh

(Chief Editor)

Patiala News

ਝੋਨੇ ਦੀ ਪਰਾਲੀ ਦਾ ਸੁਚਾਰੂ ਪ੍ਰਬੰਧਨ ਕਰਕੇ ਪਿੰਡ ਖਾਕਟਾ ਖ਼ੁਰਦ ਦੇ ਅਮਰਿੰਦਰ ਸਿੰਘ ਨੇ ਪੈਦਾ ਕੀਤੀ ਮਿਸਾਲ

post-img

ਝੋਨੇ ਦੀ ਪਰਾਲੀ ਦਾ ਸੁਚਾਰੂ ਪ੍ਰਬੰਧਨ ਕਰਕੇ ਪਿੰਡ ਖਾਕਟਾ ਖ਼ੁਰਦ ਦੇ ਅਮਰਿੰਦਰ ਸਿੰਘ ਨੇ ਪੈਦਾ ਕੀਤੀ ਮਿਸਾਲ -ਪਰਾਲੀ ਖੇਤ 'ਚ ਵਾਹੁਣਾ ਜ਼ਮੀਨ ਲਈ ਦੇਸੀ ਘਿਉ ਵਰਗਾ : ਅਮਰਿੰਦਰ ਸਿੰਘ -ਅਗਾਂਹਵਧੂ ਕਿਸਾਨ ਅਮਰਿੰਦਰ ਸਿੰਘ ਮੀਂਹ ਦੇ ਪਾਣੀ ਦੀ ਸਿੰਚਾਈ ਲਈ ਕਰ ਰਿਹੈ ਵਰਤੋਂ ਪਟਿਆਲਾ, 26 ਸਤੰਬਰ : ਜ਼ਿਲ੍ਹਾ ਪਟਿਆਲਾ ਦੇ ਪਿੰਡ ਖਾਕਟਾ ਖ਼ੁਰਦ ਦੇ ਅਗਾਂਹਵਧੂ ਕਿਸਾਨ ਅਮਰਿੰਦਰ ਸਿੰਘ ਨੇ ਝੋਨੇ ਦੀ ਪਰਾਲੀ ਖੇਤ 'ਚ ਹੀ ਮਿਲਾਕੇ ਸਫਲ ਖੇਤੀ ਕਰਕੇ ਹੋਰਨਾਂ ਕਿਸਾਨਾਂ ਲਈ ਵੀ ਮਿਸਾਲ ਪੈਦਾ ਕੀਤੀ ਹੈ । ਅਮਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ 19 ਏਕੜ ਜ਼ਮੀਨ 'ਚ ਖੇਤੀ ਕੀਤੀ ਜਾਂਦੀ ਹੈ ਅਤੇ ਝੋਨੇ ਦੀ ਕਟਾਈ ਤੋਂ ਬਾਅਦ ਪਿਛਲੇ ਸਾਲ ਮਲਚਿੰਗ ਕਰਕੇ ਕਣਕ ਦੀ ਬਿਜਾਈ ਕੀਤੀ ਸੀ, ਜਿਸ 'ਤੇ ਪ੍ਰੀਤ ਏਕੜ ਸਿਰਫ਼ 300 ਰੁਪਏ ਦਾ ਖ਼ਰਚ ਆਇਆ । ਉਨ੍ਹਾਂ ਪਰਾਲੀ ਨੂੰ ਬਿਨਾਂ ਅੱਗ ਲਗਾਏ ਪਿਛਲੇ 6 ਸਾਲਾਂ ਦੇ ਖੇਤੀ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਪਰਾਲੀ ਖੇਤ 'ਚ ਹੀ ਵਾਹੁਣਾ ਜਮੀਨ ਲਈ ਦੇਸੀ ਘਿਉ ਵਰਗਾ ਕੰਮ ਕਰਦਾ ਹੈ, ਇਸ ਨਾਲ ਜਿਥੇ ਉਪਜਾਊ ਸ਼ਕਤੀ ਵਧੀ ਹੈ, ਉਥੇ ਹੀ ਖਾਦਾਂ ਦੀ ਵਰਤੋਂ 'ਚ ਕਮੀ ਆਈ ਹੈ, ਕਣਕ ਦੀ ਫ਼ਸਲ ਗਿਰਦੀ ਨਹੀਂ ਅਤੇ ਜ਼ਮੀਨ ਦੀ ਪਾਣੀ ਜ਼ਜਬ ਕਰਨ ਦੀ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਉਹ 10 ਏਕੜ 'ਚ ਮਲਚਿੰਗ ਕਰਨਗੇ ਅਤੇ 10 ਏਕੜ ਵਿੱਚ ਸੁਪਰ ਸੀਡਰ ਨਾਲ ਬਿਜਾਈ ਕੀਤੀ ਜਾਵੇਗੀ। ਵਾਤਾਵਰਣ ਪ੍ਰੇਮੀ 44 ਸਾਲਾਂ ਅਮਰਿੰਦਰ ਸਿੰਘ ਨੇ ਦੱਸਿਆ ਕਿ ਮੀਂਹ ਦੇ ਪਾਣੀ ਦੀ ਸਿੰਚਾਈ ਲਈ ਵਰਤੋਂ ਕਰਨ ਲਈ ਉਨ੍ਹਾਂ ਆਪਣੇ ਖੇਤ ਵਿੱਚ 100 ਫੁੱਟ ਚੌੜਾ ਤੇ 15 ਫੁੱਟ ਡੂੰਘਾ ਟੋਭਾ ਵੀ ਬਣਾਇਆ ਹੈ, ਜਿਸ ਵਿੱਚ ਬਰਸਾਤੀ ਪਾਣੀ ਨੂੰ ਸਾਂਭ ਲਿਆ ਜਾਂਦਾ ਹੈ ਤੇ ਇਸ ਦੀ ਵਰਤੋਂ ਸਿੰਚਾਈ ਲਈ ਕੀਤੀ ਜਾਂਦੀ ਹੈ। ਇਸ ਨਾਲ ਜਮੀਨ ਹੇਠਲੇ ਪਾਣੀ ਦੀ ਵਰਤੋਂ ਘੱਟ ਹੁੰਦੀ ਹੈ। ਅਗਾਂਹਵਧੂ ਕਿਸਾਨ ਅਮਰਿੰਦਰ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕਰਦਿਆ ਕਿਹਾ ਕਿ ਉਹ ਪਰਾਲੀ ਨੂੰ ਖੇਤਾਂ 'ਚ ਹੀ ਵਾਹੁਣ ਨੂੰ ਤਰਜੀਹ ਦੇਣ ਜਿਸ ਨਾਲ ਜਿਥੇ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਨਾਲ ਹੀ ਵਾਤਾਵਰਣ ਦੂਸ਼ਿਤ ਹੋਣ ਤੋਂ ਬਚਦਾ ਹੈ ।

Related Post