ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਔਰਤ ਦਿਹਾੜੇ ਨੂੰ ਸਮਰਪਿਤ ਕਲਾਸ ਪ੍ਰਚਾਰ
- by Jasbeer Singh
- March 11, 2026
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਔਰਤ ਦਿਹਾੜੇ ਨੂੰ ਸਮਰਪਿਤ ਕਲਾਸ ਪ੍ਰਚਾਰ ਯੂਨੀਵਰਸਿਟੀ ਬਜਟ ਵਿੱਚ ਕਟੌਤੀ ਅਤੇ ਹੋਸਟਲ ਗਰਾਂਟ ਲੈਪਸ ਹੋਣ ਵਿਰੁੱਧ ਖੋਲ੍ਹਿਆ ਮੋਰਚਾ ਪਟਿਆਲਾ, 11 ਮਾਰਚ 2026 : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਅੱਜ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੇ ਆਗੂਆਂ ਹਰਪ੍ਰੀਤ ਸਿੰਘ ਅਤੇ ਦਿਲਪ੍ਰੀਤ ਕੌਰ ਵੱਲੋਂ ਜਾਰੀ ਕੀਤੇ ਇੱਕ ਸਾਂਝੇ ਬਿਆਨ ਵਿੱਚ ਦੱਸਿਆ ਗਿਆ ਕਿ ਜਥੇਬੰਦੀ ਵੱਲੋਂ ਕੌਮਾਂਤਰੀ ਮਜ਼ਦੂਰ ਔਰਤ ਦਿਹਾੜੇ ਨੂੰ ਸਮਰਪਿਤ ਕੈਂਪਸ ਦੇ ਵੱਖ-ਵੱਖ ਵਿਭਾਗਾਂ ਵਿੱਚ ਜ਼ੋਰਦਾਰ ਪ੍ਰਚਾਰ ਮੁਹਿੰਮ ਚਲਾਈ ਗਈ । ਇਸ ਦੌਰਾਨ ਵਿਦਿਆਰਥੀਆਂ ਨੂੰ ਪਰਚੇ ਵੰਡ ਕੇ ਜਾਗਰੂਕ ਕੀਤਾ ਗਿਆ ਕਿ ਔਰਤ ਦਿਹਾੜੇ ਦਾ ਅਸਲ ਮਕਸਦ ਸਿਰਫ਼ ਜਸ਼ਨ ਮਨਾਉਣਾ ਨਹੀਂ, ਸਗੋਂ ਔਰਤਾਂ ਨੂੰ ਮੌਜੂਦਾ ਪਿੱਤਰਸੱਤਾਈ ਅਤੇ ਸਰਮਾਏਦਾਰਾ ਢਾਂਚੇ ਵਿੱਚ ਦਰਪੇਸ਼ ਚੁਣੌਤੀਆਂ ਵਿਰੁੱਧ ਜਥੇਬੰਦਕ ਸੰਘਰਸ਼ ਕਰਨਾ ਹੈ । ਪ੍ਰਚਾਰ ਦੌਰਾਨ ਆਗੂਆਂ ਨੇ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ 'ਤੇ ਤਿੱਖੇ ਸਵਾਲ ਚੁੱਕਦਿਆਂ ਕਿਹਾ ਕਿ ਇੱਕ ਪਾਸੇ ਔਰਤਾਂ ਦੀ ਸੁਰੱਖਿਆ ਦੇ ਨਾਮ 'ਤੇ ਹੋਸਟਲਾਂ ਵਿੱਚ ਕਰਫ਼ਿਊ ਵਰਗੀਆਂ ਪਬੰਦੀਆਂ ਲਗਾਈਆਂ ਜਾ ਰਹੀਆਂ ਹਨ, ਜਦਕਿ ਦੂਜੇ ਪਾਸੇ ਉਨ੍ਹਾਂ ਦੀਆਂ ਬੁਨਿਆਦੀ ਲੋੜਾਂ ਨੂੰ ਲਗਾਤਾਰ ਅੱਖੋਂ-ਪਰੋਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਖ਼ੁਲਾਸਾ ਕੀਤਾ ਕਿ ਪੰਜਾਬ ਸਰਕਾਰ ਨੇ ਬਜਟ ਵਿੱਚ ਯੂਨੀਵਰਸਿਟੀ ਦੀ ਗਰਾਂਟ 'ਚ 6 ਫ਼ੀਸਦੀ ਵਾਧਾ ਕਰਨ ਅਤੇ 150 ਕਰੋੜ ਦਾ ਕਰਜ਼ਾ ਮੁਆਫ਼ ਕਰਨ ਦੇ ਆਪਣੇ ਵਾਅਦਿਆਂ ਤੋਂ ਪੂਰੀ ਤਰ੍ਹਾਂ ਪੱਲਾ ਝਾੜ ਲਿਆ ਹੈ । ਪ੍ਰਸ਼ਾਸਨ ਦੀ ਨਾਲਾਇਕੀ ਕਾਰਨ ਲੜਕੀਆਂ ਦੇ ਨਵੇਂ ਹੋਸਟਲ ਮਾਤਾ ਤ੍ਰਿਪਤਾ ਲਈ ਆਈ 10 ਕਰੋੜ ਰੁਪਏ ਦੀ ਰਾਸ਼ੀ ਦਾ ਲੈਪਸ ਹੋਣਾ ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡਾ ਖਿਲਵਾੜ ਹੈ । ਹਰਪ੍ਰੀਤ ਸਿੰਘ ਅਤੇ ਦਿਲਪ੍ਰੀਤ ਕੌਰ ਨੇ ਸਪਸ਼ਟ ਕੀਤਾ ਕਿ ਇਹ ਲੜਾਈ ਸਿਰਫ਼ ਕੁੜੀਆਂ ਦੀ ਨਹੀਂ, ਸਗੋਂ ਸਮੁੱਚੇ ਵਿਦਿਆਰਥੀ ਵਰਗ ਦੀ ਹੈ । ਉਨ੍ਹਾਂ ਸਮੂਹ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਇਨ੍ਹਾਂ ਪ੍ਰਸ਼ਾਸਨਿਕ ਨਾਕਾਮੀਆਂ ਵਿਰੁੱਧ ਇਕਜੁੱਟ ਹੋ ਕੇ ਮੈਦਾਨ ਵਿੱਚ ਨਿੱਤਰਨ। ਇਸੇ ਸਿਲਸਿਲੇ ਵਿੱਚ ਜਥੇਬੰਦੀ ਵੱਲੋਂ ਭਲਕੇ 12 ਮਾਰਚ ਨੂੰ ਸ਼ਾਮ 5 ਵਜੇ, ਗੁਰੂ ਗ੍ਰੰਥ ਸਾਹਿਬ ਭਵਨ ਦੇ ਪਿਛਲੇ ਪਾਰਕ ਵਿੱਚ ਇੱਕ ਵਿਸ਼ੇਸ਼ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ, ਜਿਸ ਵਿੱਚ ਸਿੱਖਿਆ ਦੇ ਨਿੱਜੀਕਰਨ ਅਤੇ ਔਰਤ ਮੁਕਤੀ ਦੇ ਸਵਾਲਾਂ 'ਤੇ ਗੰਭੀਰ ਮੰਥਨ ਕੀਤਾ ਜਾਵੇਗਾ ।
