ਦਿਲਜੀਤ ਦੁਸਾਂਝ ਦੇ ਲਾਈਵ ਕੰਸਰਟ ਵਿਚ ਹੋਈ ਭਾਰਤ ਵਿਰੋਧੀ ਨਾਅਰੇਬਾਜੀ ਕੈਨੇਡਾ, 27 ਅਪ੍ਰੈਲ 2026 : ਪੰਜਾਬ ਦੇ ਪ੍ਰਸਿਧ ਗਾਇਕ ਤੇ ਐਕਟਰ ਦਿਲਜੀਤ ਦੁਸਾਂਝ ਦੇ ਵੈਨਕੂਵਰ ਵਿਖੇ ਲਾਈਵ ਕੰਸਰਟ ਦੌਰਾਨ ਕੁੱਝ ਵਿਅਕਤੀਆਂ ਵਲੋਂ ਭਾਰਤ ਵਿਰੋਧੀ ਨਾਅਰੇਬਾਜੀ ਕੀਤੀ ਗਈ ਹੈ। ਕੀ ਹੈ ਪੂਰਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਵੈਨਕੂਵਰ ਵਿੱਚ ਪੰਜਾਬੀ ਅਤੇ ਬਾਲੀਵੁੱਡ ਗਾਇਕ ਦਿਲਜੀਤ ਦੋਸਾਂਝ ਦੇ ਲਾਈਵ ਕੰਸਰਟ ਦੌਰਾਨ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਖਾਲਿਸਤਾਨ ਸਮਰਥਕਾਂ ਨੇ ਪ੍ਰੋਗਰਾਮ ਵਿੱਚ ਅੜਚਣ ਪਾਉਂਦਿਆਂ ਭਾਰਤ ਵਿਰੋਧੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂ ਨੇ ਕਥਿਤ ਤੌਰ `ਤੇ ਇਸ ਘਟਨਾ ਦੀ ਜਿ਼ੰਮੇਵਾਰੀ ਲੈਂਦਿਆਂ ਦਿਲਜੀਤ ਦੋਸਾਂਝ ਵਿਰੁੱਧ ਜ਼ਹਿਰ ਉਗਲਿਆ ਹੈ । ਕੀ ਬਿਆਨ ਜਾਰੀ ਕੀਤਾ ਗੁਰਪਤਵੰਤ ਪਨੂੰ ਨੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੋਦੀ ਦੀ ਵਿਚਾਰਧਾਰਾ ਨੂੰ ਉਤਸ਼ਾਹਤ ਕਰਨ ਵਾਲੇ ਦੋਸਾਂਝ ਹੁਣ ਉਨ੍ਹਾਂ ਦੇ ਨਿਸ਼ਾਨੇ `ਤੇ ਹਨ ਤੇ ਉਨ੍ਹਾਂ ਦੋਸ਼ ਲਗਾਇਆ ਕਿ ਦੋਸਾਂਝ ਆਪਣੇ ਕੈਨੇਡਾ ਅਤੇ ਅਮਰੀਕਾ ਟੂਰ ਰਾਹੀਂ ਆਰ. ਐਸ. ਐਸ. ਅਤੇ ਭਾਜਪਾ ਦੇ ਅਕਸ ਨੂੰ ਸੁਧਾਰਨ ਅਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੀ ਕਥਿਤ ਭੂਮਿਕਾ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੀ ਧਮਕੀ ਦਿੱਤੀ ਗਈ ਹੈ ਪਨੂੰ ਵਲੋਂ ਪੰਨੂ ਨੇ ਧਮਕੀ ਦਿੱਤੀ ਹੈ ਕਿ ਜੋ ਹੰਗਾਮਾ ਵੈਨਕੂਵਰ ਵਿੱਚ ਸ਼ੁਰੂ ਹੋਇਆ ਹੈ ਉਹ ਦਿਲਜੀਤ ਦੇ ਬਾਕੀ ਸ਼ੋਅਜ਼ ਵਿੱਚ ਵੀ ਜਾਰੀ ਰਹੇਗਾ । ਉਸ ਨੇ ਕਿਹਾ ਕਿ ਖਾਲਿਸਤਾਨ ਸਮਰਥਕ ਕੈਲਗਰੀ, ਐਡਮੰਟਨ, ਵਿਨੀਪੈਗ, ਟੋਰਾਂਟੋ, ਇਲੀਨੋਇਸ, ਫਲੋਰੀਡਾ, ਟੈਕਸਾਸ, ਨਿਊਯਾਰਕ ਅਤੇ ਕੈਲੀਫੋਰਨੀਆ ਵਿੱਚ ਵੀ ਦੋਸਾਂਝ ਦਾ ਵਿਰੋਧ ਕਰਨਗੇ ।
