ਆਸਟਰੀਆ `ਚ ਲੜਕੀਆਂ ਦੇ ਹਿਜਾਬ ਪਹਿਨਣ `ਤੇ ਲੱਗੀ ਪਾਬੰਦੀ ਵਿਆਨਾ, 13 ਦਸੰਬਰ 2025 : ਮੱਧ ਯੂਰਪ `ਚ ਸਥਿਤ ਆਸਟਰੀਆ `ਚ ਹਾਲ ਹੀ ਵਿਚ ਹਿਜਾਬ `ਤੇ ਪਾਬੰਦੀ ਲਾਉਣ ਵਾਲੇ ਬਿੱਲ ਨੂੰ ਮਨਜ਼ੂਰੀ ਮਿਲ ਗਈ ਹੈ। ਆਸਟਰੀਆਈ ਸੰਸਦ ਮੈਂਬਰਾਂ ਨੇ ਵੀਰਵਾਰ ਨੂੰ 14 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਸਕੂਲਾਂ `ਚ ਹੈਡਸਕਾਰਫ `ਤੇ ਬੈਨ ਲਾਉਣ ਵਾਲੇ ਕਾਨੂੰਨ ਦੇ ਪੱਖ `ਚ ਭਾਰੀ ਬਹੁਮਤ ਨਾਲ ਸਮਰਥਨ ਦਿੱਤਾ ਹੈ। ਸਰਕਾਰ ਨੇ ਦਿੱਤੀ ਹੈ ਦਲੀਲ ਕਿ ਇਸਦਾ ਮਕਸਦ ਲੜਕੀਆਂ ਨੂੰ ਸੋਸ਼ਣ ਤੋਂ ਬਚਾਉਣਾ ਹੈ ਇਸ ਤੋਂ ਪਹਿਲਾਂ ਆਸਟਰੀਆ ਦੀ ਸਰਕਾਰ ਨੇ ਇਸ ਸਾਲ ਦੀ ਸ਼ੁਰੂਆਤ `ਚ ਇਸ ਬੈਨ ਦਾ ਪ੍ਰਸਤਾਵ ਦਿੱਤਾ ਸੀ । ਸਰਕਾਰ ਨੇ ਦਲੀਲ ਦਿੱਤੀ ਹੈ ਕਿ ਇਸਦਾ ਮਕਸਦ ਲੜਕੀਆਂ ਨੂੰ ਸ਼ੋਸ਼ਣ ਤੋਂ ਬਚਾਉਣਾ ਹੈ। ਸਰਕਾਰ ਨੇ ਦੱਸਿਆ ਕਿ ਨਵੇਂ ਨਿਯਮ ਸਤੰਬਰ `ਚ ਨਵੇਂ ਸਾਲਾਨਾ ਸੈਸ਼ਨ ਦੀ ਸ਼ੁਰੂਆਤ ਨਾਲ ਪੂਰੀ ਤਰ੍ਹਾਂ ਨਾਲ ਲਾਗੂ ਹੋ ਜਾਣਗੇ। ਇਸ ਤੋਂ ਬਾਅਦ ਕੁਝ ਸਮੇਂ ਤੱਕ ਅਧਿਆਪਕਾਂ, ਮਾਤਾ-ਪਿਤਾ ਅਤੇ ਬੱਚੀਆਂ ਨੂੰ ਨਵੇਂ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਦੌਰਾਨ ਨਿਯਮ ਤੋੜਨ `ਤੇ ਕੋਈ ਜੁਰਮਾਨਾ ਨਹੀਂ ਲੱਗੇਗਾ। ਹਾਲਾਂਕਿ ਵਾਰ-ਵਾਰ ਨਿਯਮਾਂ ਦੀ ਪਾਲਣਾ ਨਾ ਕਰਨ `ਤੇ ਮਾਤਾ-ਪਿਤਾ ਨੂੰ 150 ਤੋਂ 800 ਯੂਰੋ ਭਾਵ ਕਰੀਬ 175-930 ਡਾਲਰ ਤੱਕ ਦਾ ਜੁਰਮਾਨਾ ਦੇਣਾ ਹੋਵੇਗਾ। ਸਰਕਾਰ ਨੇ ਕਿਹਾ ਹੈ ਕਿ ਇਸ ਨਵੇਂ ਕਾਨੂੰਨ ਨਾਲ ਲੱਗਭਗ 12 ਹਜ਼ਾਰ ਲੜਕੀਆਂ ਪ੍ਰਭਾਵਿਤ ਹੋਣਗੀਆਂ।
