ਕੈਬਨਿਟ ਮੰਤਰੀ ਕਟਾਰੂਚੱਕ ਨੇ ਅਚਨਚੇਤ ਕੀਤਾ ਗੈਸ ਏਜੰਸੀ ਦਾ ਦੌਰਾ ਪਠਾਨਕੋਟ, 19 ਮਾਰਚ 2026 : ਪੰਜਾਬ ਦੇ ਪਠਾਨਕੋਟ ਵਿਖੇ ਲੋਕਾਂ ਨੂੰ ਗੈਸ ਲਈ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਚਲਦਿਆਂ ਕੈਬਨਿਟ ਮੰਤਰੀ ਨੇ ਅੱਜ ਗੈਸ ਏਜੰਸੀ ਦਾ ਦੌਰਾ ਕੀਤਾ ਹੈ। ਕੀ ਆਖਿਆ ਕੈਬਨਿਟ ਮੰਤਰੀ ਨੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਪਠਾਨਕੋਟ ਦੇ ਕਰੀਬ ਤਾਰਾਗੜ੍ਹ ਤੰਗੋਸ਼ਾਹ ਵਿਚ ਦੀਨਾਨਗਰ ਗੈਸ ਸਰਵਿਸ ਦਾ ਦੌਰਾ ਕੀਤਾ ਅਤੇ ਦੇਖਿਆ ਕਿ ਲੋਕਾਂ ਦੀ ਗੈਸ ਲੈਣ ਲਈ ਇੰਨੀ ਲੰਮੀ ਲਾਈਨ ਲੱਗੀ ਹੋਈ ਹੈ ਕਿ ਲਾਈਨ ਵਿਚ ਘੱਟੋ ਘੱਟ 400 ਦੇ ਕਰੀਬ ਲੋਕ ਖੜ੍ਹੇ ਹੋਣਗੇ। ਅਜਿਹਾ ਦੇਖ ਕੇ ਮੰਤਰੀ ਨੇ ਮੌਕੇ ਤੇ ਹੀ ਜਿ਼ਲਾ ਫੂਡ ਸਪਲਾਈ ਅਧਿਕਾਰੀ ਨੂੰ ਸੱਦਿਆ ਅਤੇ ਮੌਕੇ ਦੀ ਸਥਿਤੀ ਨੂੰ ਕਾਬੂ ਕਰਨ ਦੇ ਨਾਲ-ਨਾਲ ਗੈਸ ਏਜੰਸੀ ਵਿਰੁੱਧ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਲੋਕਾਂ ਨੇ ਮੰਤਰੀ ਨੂੰ ਗੈਸ ਦੀ ਕਿੱਲਤ ਸਬੰਧੀ ਕੀ ਕੀ ਦੱਸਿਆ ਜਾਣਕਾਰੀ ਮੁਤਾਬਕ ਲਾਈਨਾਂ ਵਿਚ ਖੜ੍ਹੇ ਲੋਕਾਂ ਨੇ ਕੈਬਨਿਟ ਮੰਤਰੀ ਕਟਾਰੂਚੱਕ ਨੂੰ ਦੱਸਿਆ ਕਿ ਉਹ ਗੈਸ ਲੈਣ ਲਈ ਪਿਛਲੇ ਤਿੰਨ-ਚਾਰ ਦਿਨਾਂ ਤੋਂ ਖੜ੍ਹੇ ਹਨ। ਇਥੇ ਹੀ ਬਸ ਨਹੀਂ ਕਈ ਲੋਕ ਤਾਂ ਸਵੇਰ ਚਾਰ ਤੇ ਪੰਜ ਵਜੇ ਤੋਂ ਵੀ ਖੜ੍ਹੇ ਹਨ ਤੇ ਕਈ ਕਈ ਦਿਨਾਂ ਤੱਕ ਲਾਈਨ ਵਿਚ ਲੱਗਣ ਤੋਂ ਬਾਅਦ ਵੀ ਹਾਲੇ ਤੱਕ ਗੈਸ ਸਿਲੰਡਰ ਨਹੀਂ ਮਿਲ ਸਕਿਆ। ਰਸੋਈ ਗੈਸ ਦੀ ਘਾਟ ਦਾ ਵਿਧਾਨ ਸਭਾ ਵਿਚ ਵੀ ਚੁੱਕਿਆ ਗਿਆ ਸੀ ਮੁੱਦਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਰਸੋਈ ਗੈਸ ਦੀ ਘਾਟ ਦਾ ਮੁੱਦਾ ਉਠਾਇਆ ਸੀ। ਲੋਕ ਦੁੱਖ ਝੱਲ ਰਹੇ ਹਨ। ਉਨ੍ਹਾਂ ਨੇ ਇਸ ਮੁੱਦੇ `ਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਸਦਨ ਵਿੱਚ ਨਿੰਦਾ ਮਤਾ ਵੀ ਪੇਸ਼ ਕੀਤਾ ਹੈ। ਲੋਕਾਂ ਨੂੰ ਕਿਸੇ ਵੀ ਕੀਮਤ `ਤੇ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਗੈਸ ਏਜੰਸੀ ਮਾਲਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਅਤੇ ਜਨਤਾ ਦੀ ਅਸੁਵਿਧਾ ਦਾ ਕਾਰਨ ਬਣਦਾ ਹੈ, ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਆਉਣ ਵਾਲੇ ਦਿਨਾਂ ਵਿੱਚ ਹੋਰ ਗੈਸ ਏਜੰਸੀਆਂ `ਤੇ ਵੀ ਛਾਪੇਮਾਰੀ ਕੀਤੀ ਜਾਵੇਗੀ ।
