ਪਿੰਡ ਜਾਟਾ ਵਿਚ ਗ੍ਰਨੇਡ ਨਾਲ ਹਮਲਾ ਕਰਨ 'ਤੇ ਦੋ ਔੌਰਤਾਂ ਹੋਈਆਂ ਜਖਮੀ
ਅਜਨਾਲਾ, 21 ਅਗਸਤ 2026 : ਪੰਜਾਬ ਦੇ ਅਜਨਾਲਾ (Ajnala) ਨੇੜੇ ਪੈਦੇ ਜਾਟਾ ਪਿੰਡ ਵਿਚ ਬੀਤੀ ਰਾਤ ਇਕ ਘਰ ਦੇ ਅਣਪਛਾਤੇ ਮੋਟਰਸਾਈਕਲ ਸਵਾਰਾਂ (Unidentified motorcyclists) ਵਲੋਂ ਗ੍ਰਨੇਡ ਸੁੱਟਿਆ ਗਿਆ ਹੈ ।
ਕਿਸ ਦੇ ਘਰ ਤੇ ਸੁੱਟਿਆ ਗਿਆ ਹੈ ਗ੍ਰਨੇਡ
ਮਿਲੀ ਜਾਣਕਾਰੀ ਅਨੁਸਾਰ ਭਾਰਤ-ਪਾਕਿਸਤਾਨ ਸਰਹੱਦ `ਤੇ ਸਥਿਤ ਰਾਮਦਾਸ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ `ਚ ਆਉਣ ਵਾਲੇ ਜਿਸ ਜਾਟਾ ਪਿੰਡ (Jata village) `ਚ ਵੀਰਵਾਰ ਰਾਤ ਨੂੰ ਗ੍ਰਨੇਡ ਨਾਲ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਸਬੰਧੀ ਪਤਾ ਲੱਗਾ ਹੈ ਕਿ ਜਿਸ ਜਗ੍ਹਾ `ਤੇ ਗ੍ਰਨੇਡ (Grenade) ਸੁੱਟੇ ਗਏ ਸਨ, ਉਹ ਰਣਜੀਤ ਸਿੰਘ ਨਾਮ ਦੇ ਇੱਕ ਸਿਪਾਹੀ ਦਾ ਘਰ ਸੀ । ਇਸ ਧਮਾਕੇ `ਚ ਦੋ ਔਰਤਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ । ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਮੌਕੇ `ਤੇ ਪਹੁੰਚ ਗਈਆਂ ਹਨ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।
ਕੀ ਦੱਸਿਆ ਡੀ. ਆਈ. ਜੀ. ਨੇ
ਉਪਰੋਕਤ ਗ੍ਰਨੇਡ ਹਮਲੇ ਸਬੰਧੀ ਜਾਣਕਾਰੀ ਦਿੰਦਿਆਂ ਬਾਰਡਰ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਇਹ ਹਮਲਾ ਪਿੰਡ ਦੀ ਸਰਪੰਚੀ ਦੀ ਚੋਣ ਨੂੰ ਲੈ ਕੇ ਗੈਂਗਸਟਰ ਹੈਪੀ ਪਾਸੀਆ ਦੇ ਪਰਿਵਾਰ ਨਾਲ ਜੁੜੇ ਕਿਸੇ ਪੁਰਾਣੇ ਆਪਸੀ ਵਿਵਾਦ ਦਾ ਨਤੀਜਾ ਹੋ ਸਕਦਾ ਹੈ । ਜਾਣਕਾਰੀ ਅਨੁਸਾਰ, ਹਮਲਾਵਰ ਮੋਟਰਸਾਈਕਲ `ਤੇ ਸਵਾਰ ਹੋ ਕੇ ਪਿੰਡ ਆਏ ਸਨ, ਨਿਸ਼ਾਨੇ ਵਾਲੇ ਘਰ `ਤੇ ਵਿਸਫੋਟਕ ਸੁੱਟਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਧਮਾਕੇ ਕਾਰਨ ਇਲਾਕੇ `ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ । ਸੂਚਨਾ ਮਿਲਦਿਆਂ ਹੀ ਪੁਲਿਸ ਟੀਮਾਂ ਤੁਰੰਤ ਮੌਕੇ `ਤੇ ਪਹੁੰਚ ਗਈਆਂ ਅਤੇ ਇਲਾਕੇ ਨੂੰ ਘੇਰ ਕੇ ਸੁਰੱਖਿਅਤ ਕਰ ਲਿਆ ।
ਸ਼ੱਕੀਆਂ ਦੀ ਪਛਾਣ ਲਈ ਕੀਤੀ ਜਾ ਰਹੀ ਹੈ ਜਾਂਚ
ਇਲਾਕੇ `ਚੋਂ ਸੀ. ਸੀ. ਟੀ. ਵੀ. ਫੁਟੇਜ (CCTV footage) ਬਰਾਮਦ ਕੀਤੀ ਹੈ, ਜਿਸ `ਚ ਘਟਨਾ ਸਮੇਂ ਦੋ ਵਿਅਕਤੀ ਮੋਟਰਸਾਈਕਲ `ਤੇ ਘੁੰਮਦੇ ਨਜ਼ਰ ਆ ਰਹੇ ਹਨ । ਪੁਲਸ ਵੱਲੋਂ ਸ਼ੱਕੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੇ ਆਉਣ-ਜਾਣ ਦੇ ਰਸਤੇ ਦਾ ਪਤਾ ਲਗਾਉਣ ਲਈ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ । ਇਸ ਤੋਂ ਇਲਾਵਾ ਹਮਲੇ ਦੇ ਅਸਲ ਕਾਰਨਾਂ ਦੀ ਪੁਸ਼ਟੀ ਕਰਨ ਲਈ ਪ੍ਰਭਾਵਿਤ ਪਰਿਵਾਰ ਅਤੇ ਆਂਢ-ਗੁਆਂਢ ਦੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ।
