ਨਵ-ਜੰਮੀ ਬੱਚੀ ਵੇਚਣ ਦੇ ਮਾਮਲੇ ਵਿਚ 8 ਵਿਰੁੱਧ ਕੇਸ ਦਰਜ ਪੰਜ ਗ੍ਰਿਫ਼ਤਾਰ ਲੁਧਿਆਣਾ, 16 ਫਰਵਰੀ 2026 : ਪੰਜਾਬ ਦੇ ਸ਼ਹਿਰ ਲੁਧਿਆਣਾ ਵਿਖੇ ਨਵ-ਜੰਮੀ ਦਾ ਮਾਂ ਵਲੋਂ ਹੀ ਸੌਦਾ ਕੀਤੇ ਜਾਣ ਦੇ ਮਾਮਲੇ ਵਿਚ ਪੰਜਾਬ ਪੁਲਸ ਨੇ ਪਰਦਾਫਾਸ਼ ਕਰਨ ਦਾ ਪਤਾ ਚੱਲਿਆ ਹੈ। ਕੀ ਹੈ ਸਮੁੱਚਾ ਮਾਮਲਾ ਮਿਲੀ ਜਾਣਕਾਰੀ ਅਨੁਸਾਰ ਜਿਸ ਔਰਤ ਦੇ ਹਾਲ ਹੀ ਵਿਚ ਇਕ ਬੱਚੀ ਨੇ ਜਨਮ ਲਿਆ ਹੈ ਦਾ ਸੌਦਾ 2 ਲੱਖ 10 ਹਜ਼ਾਰ ਰੁਪਏ ਵਿਚ ਕਰਨ ਦੇ ਮਾਮਲੇ ਵਿਚ ਪੰਜਾਬ ਪੁਲਸ ਨੇ ਕਈਆਂ ਵਿਰੁਧ ਕੇਸ ਦਰਜ ਕਰ ਲਿਆ ਹੈ ਤੇ ਇਕ ਮਹਿਲਾ ਡਾਕਟਰ ਸਮੇਤ ਪੰਜ ਮੁਲਜਮਾਂ ਨੂੰ ਕਾਬੂ ਕੀਤਾ ਹੈ। ਉਕਤ ਸਾਰਾ ਮਾਮਲਾ ਅਰੋੜਾ ਨਰਸਿੰਗ ਹੋਮ ਤੋਂ ਸ਼ੁਰੂ ਹੋਇਆ, ਜਿੱਥੇ ਔਰਤ ਨੇ ਇਕ ਬੱਚੀ ਨੂੰ ਜਨਮ ਦਿੱਤਾ ਸੀ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੇ ਜਿਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਹੈ ਵਿਚ ਬੱਚੀ ਦੀ ਮਾਂ ਸੁਨੀਤਾ ਰਾਣੀ, ਬੱਚਾ ਖਰੀਦਣ ਵਾਲੇ ਅਤੇ ਡਾਕਟਰ ਸਮੇਤ ਅੱਠ ਲੋਕ ਸ਼ਾਮਲ ਹਨ। ਪੁਲਸ ਨੇ ਪਾਈ ਗੁਪਤ ਜਾਣਕਾਰੀ ਦੇ ਆਧਾਰ ਤੇ ਕਾਰਵਾਈ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਥਾਣੇਦਾਰ ਗੁਰਮੇਲ ਸਿੰਘ ਆਪਣੀ ਪੁਲਿਸ ਪਾਰਟੀ ਨਾਲ 15 ਫਰਵਰੀ ਨੂੰ ਇਲਾਕੇ ਵਿਚ ਗਸ਼ਤ `ਤੇ ਸਨ। ਇਸੇ ਦੌਰਾਨ ਇਕ ਗੁਪਤ ਸੂਚਨਾ ਦੇ ਆਧਾਰ ’ਤੇ ਅਰੋੜਾ ਨਰਸਿੰਗ ਹੋਮ ਵਿਚ 14 ਫਰਵਰੀ ਨੂੰ ਸੁਨੀਤਾ ਦੇਵੀ ਨਾਮਕ ਮਹਿਲਾ ਨੇ ਇਕ ਬੱਚੀ ਨੂੰ ਜਨਮ ਦਿੱਤਾ ਸੀ। ਇਹ ਮਾਂ ਮਮਤਾ ਨੂੰ ਦਰਕਿਨਾਰ ਕਰਕੇ ਆਪਣੀ ਨਵਜੰਮੇ ਬੇਟੀ ਨੂੰ ਵੇਚਣ ਦੀ ਫਿਰਾਕ ਵਿਚ ਸੀ। ਪੁਲਸ ਨੂੰ ਖ਼ਬਰ ਮਿਲੀ ਕਿ ਬੱਚੀ ਦਾ ਸੌਦਾ 2 ਲੱਖ 10 ਹਜ਼ਾਰ ਰੁਪਏ ਵਿਚ ਤੈਅ ਹੋ ਚੁੱਕਾ ਹੈ ਅਤੇ ਮੁਲਜ਼ਮ ਨੀਲੀ ਝੰਡਾ ਰੋਡ ਸਥਿਤ ਪਾਰਕ ਦੇ ਕੋਲ ਡੀਲ ਫਾਈਨਲ ਕਰਨ ਲਈ ਇਕੱਠੇ ਹੋਏ ਹਨ। ਪੁਲਸ ਨੇ ਬਿਨਾਂ ਦੇਰ ਕੀਤਿਆਂ ਤੁਰੰਤ ਪਾਰਕ ਵਿਚ ਰੇਡ ਕੀਤੀ, ਜਿੱਥੇ ਬੱਚੀ ਨੂੰ ਵੇਚਣ ਦੀ ਤਿਆਰੀ ਚੱਲ ਰਹੀ ਸੀ । ਪੁਲਸ ਨੇ ਮੌਕੇ ਤੋਂ ਬੱਚੀ ਦੀ ਮਾਂ ਸੁਨੀਤਾ ਦੇਵੀ, ਪ੍ਰਵੀਨ, ਬੀ. ਏ. ਐੱਮ. ਐੱਸ. ਡਾਕਟਰ ਮਨਮੀਤ ਕੌਰ, ਰੁਚੀ ਅਤੇ ਖਰੀਦਦਾਰ ਮਨਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਵਿਚ ਹੋਰ ਕੀ ਆਇਆ ਸਾਹਮਣੇ ਪੁਲਸ ਵਲੋਂ ਕੀਤੀ ਗਈ ਜਾਂਚ ਵਿਚ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਆਪਸੀ ਮਿਲੀਭੁਗਤ ਨਾਲ ਇਸ ਨਵਜੰਮੀ ਬੱਚੀ ਦਾ ਸੌਦਾ ਕੀਤਾ ਸੀ । ਪੁਲਸ ਨੇ ਮੁਲਜ਼ਮਾਂ ਖਿਲਾਫ਼ ਸਖ਼ਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਸ ਗਿਰੋਹ ਨੇ ਪਹਿਲਾਂ ਵੀ ਕਿਸੇ ਬੱਚੇ ਦਾ ਸੌਦਾ ਕੀਤਾ ਹੈ ਜਾਂ ਇਸ ਨੈੱਟਵਰਕ ਵਿਚ ਹੋਰ ਵੀ ਵੱਡੇ ਨਾਮ ਸ਼ਾਮਲ ਹਨ। ਫਿਲਹਾਲ ਮਾਸੂਮ ਬੱਚੀ ਨੂੰ ਸੁਰੱਖਿਅਤ ਸਰਪ੍ਰਸਤੀ ਵਿਚ ਲੈ ਲਿਆ ਗਿਆ ਹੈ।
