ਕੇਂਦਰ ਸਰਕਾਰ ਦਾ ਐਲਨ ਮਸਕ ਦੀ ਕੰਪਨੀ ਨੂੰ ਨਿਰਦੇਸ਼ ਨਵੀਂ ਦਿੱਲੀ, 3 ਜਨਵਰੀ 2026 : ਭਾਰਤ ਦੇਸ਼ ਦੀ ਕੇਂਦਰ ਸਰਕਾਰ ਨੇ ਅਮਰੀਕੀ ਉਦਯੋਗਪਤੀ ਐਲਨ ਮਸਕ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਨੂੰ ਸ਼ੁਕਰਵਾਰ ਇਕ ਸਖ਼ਤ ਨੋਟਿਸ ਜਾਰੀ ਕੀਤਾ ਜਿਸ 'ਚ ਉਸ ਨੂੰ ਪਲੇਟਫਾਰਮ ਤੋਂ ਏ. ਆਈ. ਵੱਲੋਂ ਤਿਆਰ ਕੀਤੀਆਂ ਗਈਆਂ ਸਾਰੀਆਂ ਅਸ਼ਲੀਲ ਤੇ ਗੈਰ-ਕਾਨੂੰਨੀ ਸਮੱਗਰੀਆਂ ਨੂੰ ਤੁਰੰਤ ਹਟਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ । ਅਸ਼ਲੀਲ ਤੇ ਗੈਰ-ਕਾਨੂੰਨੀ ਸਮੱਗਰੀ ਤੁਰੰਤ ਹਟਾਏ 'ਐਕਸ’ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲਾ ਨੇ ਕਿਹਾ ਹੈ ਕਿ 'ਐਕਸ' ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ( ਏ.. ਆਈ.) ਐਪ 'ਗ੍ਰਾਕ' ਰਾਹੀਂ ਤਿਆਰ ਕੀਤੀ ਗਈ ਸਮੱਗਰੀ ਨੂੰ - ਤੁਰੰਤ ਹਟਾ ਦਿੱਤਾ ਜਾਣਾ ਚਾਹੀਦਾ ਹੈ । ਅਜਿਹਾ ਕਰਨ 'ਚ ਅਸਫਲ ਰਹਿਣ 'ਤੇ ਸੋਸ਼ਲ ਮੀਡੀਆ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਮੰਤਰਾਲਾ ਵੱਲੋਂ ਭੇਜੇ ਗਏ ਨੋਟਿਸ ਵਿਚ ਕੀ ਗਿਆ ਆਖਿਆ ਭਾਰਤ 'ਚ 'ਐਕਸ' ਦੇ ਮੁੱਖ ਪਾਲਣ ਅਧਿਕਾਰੀ ਨੂੰ ਭੇਜੇ ਗਏ ਇਕ ਨੋਟਿਸ 'ਚ ਮੰਤਰਾਲਾ ਨੇ ਕਿਹਾ ਕਿ 'ਐਕਸ' ਨੇ ਸੂਚਨਾ ਤਕਨਾਲੋਜੀ ਐਕਟ 2000 ਤੇ ਸੂਚਨਾ ਤਕਨਾਲੋਜੀ (ਇੰਟਰਮੀਡੀਅਰੀ ਦਿਸ਼ਾ-ਨਿਰਦੇਸ਼ ਤੋਂ ਡਿਜੀਟਲ ਮੀਡੀਆ ਨੈਤਿਕਤਾ ਕੋਡ) ਨਿਯਮ, 2021 ਅਧੀਨ ਕਾਨੂੰਨੀ ਜਾਂਚ ਜ਼ਿੰਮੇਵਾਰੀਆਂ ਦੀ ਪਾਲਣਾ ਨਹੀਂ ਕੀਤੀ ਹੈ । ਹੁਕਮ ਅਨੁਸਾਰ 'ਐਕਸ’ ਨੂੰ ਲਾਗੂ ਕਾਨੂੰਨਾਂ ਦੀ ਉਲੰਘਣਾ ਕਰ ਕੇ ਪਹਿਲਾਂ ਬਣਾਈ ਗਈ ਜਾਂ ਪ੍ਰਸਾਰਿਤ ਕੀਤੀ ਗਈ ਸਾਰੀ ਸਮੱਗਰੀ ਤੱਕ ਪਹੁੰਚ ਨੂੰ ਬਿਨਾਂ ਕਿਸੇ ਦੇਰੀ ਦੇ ਹਟਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਹ ਕਾਰਵਾਈ ਆਈ. ਟੀ. ਨਿਯਮ 2021 'ਚ ਨਿਰਧਾਰਤ ਸਮਾਂ ਹੱਦ ਅੰਦਰ ਸਖ਼ਤੀ ਨਾਲ ਹੋਣੀ ਚਾਹੀਦੀ ਹੈ ।
