ਮੁੱਖ ਮੰਤਰੀ ਹਲਕੀ ਰਾਜਨੀਤੀ ਤੋਂ ਗੁਰੇਜ਼ ਕਰਨ-ਰਾਮੂਵਾਲੀਆ ਪਟਿਆਲਾ, 29 ਸਤੰਬਰ : ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਨਸੀਹਤ ਦਿੰਦਿਆਂ ਕਿਹਾ ਹੈ ਕਿ ਉਹ ਹਲਕੀ ਰਾਜਨੀਤੀ ਤੋਂ ਗੁਰੇਜ਼ ਕਰਨ। ਉਨ੍ਹਾਂ ਦਸਿਆ ਕਿ ਉਹ ਪਟਿਆਲਾ ਦੇ ਅਮਰ ਹਸਪਤਾਲ ਵਿਚ ਇਲਾਜ ਅਧੀਨ `ਆਪ` ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਪਤਨੀ ਦਾ ਹਾਲ-ਚਾਲ ਪੁੱਛਣ ਲਈ ਪਹੁੰਚੇ ਸਨ ।ਇਸ ਮੌਕੇ ਉਨ੍ਹਾਂ ਨਾਲ ਲੋਕ ਭਲਾਈ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਜਨਕ ਰਾਜ ਕਲਵਾਨੂੰ ਵੀ ਮੌਜੂਦ ਸਨ। ਰਾਮੂਵਾਲੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਰਾਜਨੀਤੀ ਵਿਚ ਮਤਭੇਦ ਹਮੇਸ਼ਾਂ ਰਹਿੰਦੇ ਹਨ ਪਰ ਅੱਜ ਉਨ੍ਹਾਂ ਨੇ ਪਹਿਲੀ ਵਾਰ ਮਤਭੇਦ ਦੀ ਰਾਜਨੀਤੀ ਦੇਖੀ ਹੈ। ਪੁਲਸ ਵਲੋਂ ਬੀਬੀ ਪਠਾਣਮਾਜਰਾ ਨੂੰ ਹਸਪਤਾਲ ਵਿਚ ਵੀ ਨਜ਼ਰਬੰਦ ਰੱਖਣਾ ਨਿੰਦਣਯੋਗ ਉਨ੍ਹਾਂ ਨੇ ਦੋਸ਼ ਲਗਾਇਆ ਕਿ ਪੁਲਸ ਵਲੋਂ ਬੀਬੀ ਪਠਾਣਮਾਜਰਾ ਨੂੰ ਹਸਪਤਾਲ ਵਿਚ ਵੀ ਨਜ਼ਰਬੰਦ ਕੀਤਾ ਗਿਆ ਹੈ, ਜੋ ਬਹੁਤ ਹੀ ਨਿੰਦਣਯੋਗ ਹੈ। ਰਾਮੂਵਾਲੀਆ ਨੇ ਕਿਹਾ ਕਿ ਪੁਲਸ ਦੀ ਇਸ ਕਾਰਵਾਈ ਨੇ ਨਾ ਸਿਰਫ਼ ਰਾਜਨੀਤੀ ਦਾ ਪੱਧਰ ਘਟਾਇਆ ਹੈ, ਸਗੋਂ ਪੰਜਾਬ ਦੀ ਲੋਕਤੰਤਰਿਕ ਪਰੰਪਰਾ ਨੂੰ ਵੀ ਝਟਕਾ ਦਿੱਤਾ ਹੈ। ਉਨ੍ਹਾਂ ਲੋਕ ਭਲਾਈ ਪਾਰਟੀ ਵਲੋਂ ਪਠਾਣਮਾਜਰਾ ਪਰਿਵਾਰ ਨਾਲ ਏਕਜੁਟਤਾ ਜਤਾਈ ਅਤੇ ਕਿਹਾ ਕਿ ਲੋਕਤੰਤਰ ਵਿਚ ਵਿਰੋਧੀਆਂ ਨੂੰ ਵੀ ਬਰਾਬਰ ਦੇ ਅਧਿਕਾਰ ਮਿਲਣੇ ਚਾਹੀਦੇ ਹਨ।
