post

Jasbeer Singh

(Chief Editor)

Punjab

ਹਲਕੇ ਦੀਆਂ ਕਰੀਬ 35 ਸੜਕਾਂ ਦੀ ਕਾਇਆ ਕਲਪ ਲਈ ਰੱਖੇ ਨੀਂਹ ਪੱਥਰ

post-img

ਹਲਕੇ ਦੀਆਂ ਕਰੀਬ 35 ਸੜਕਾਂ ਦੀ ਕਾਇਆ ਕਲਪ ਲਈ ਰੱਖੇ ਨੀਂਹ ਪੱਥਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹਲਕਾ ਸੁਨਾਮ ਵਿੱਚ 18.20 ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਸ਼ੁਰੂ ਕਿਹਾ: ਹਲਕੇ ਦੀ ਇੱਕ ਵੀ ਸੜਕ ਕਾਇਆ ਕਲਪ ਤੋਂ ਨਹੀਂ ਰਹੇਗੀ ਵਾਂਝੀ; ਪਿੰਡਾਂ ਦਾ ਬੁਨਿਆਦੀ ਢਾਂਚਾ ਕੀਤਾ ਜਾ ਰਿਹਾ ਮਜ਼ਬੂਤ ਭਵਾਨੀਗੜ੍ਹ/ਸੁਨਾਮ, 7 ਮਾਰਚ 2026 : ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਬਪੱਖੀ ਵਿਕਾਸ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵਿਧਾਨ ਸਭਾ ਹਲਕਾ ਸੁਨਾਮ ਦੇ ਵੱਖ-ਵੱਖ ਪਿੰਡਾਂ ਵਿੱਚ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ । ਇਸੇ ਲੜੀ ਤਹਿਤ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਵੱਲੋਂ ਕਰੀਬ 18.20 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਵਿਸਥਾਰ, ਨਵੀਂ ਸੜਕਾਂ ਦੀ ਉਸਾਰੀ ਅਤੇ ਹੋਰ ਮਹੱਤਵਪੂਰਨ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਵਾਈ ਗਈ । ਇਨ੍ਹਾਂ ਵਿਕਾਸ ਕਾਰਜਾਂ ਦਾ ਮੁੱਖ ਉਦੇਸ਼ ਪਿੰਡਾਂ ਵਿੱਚ ਆਵਾਜਾਈ ਦੀਆਂ ਸੁਵਿਧਾਵਾਂ ਨੂੰ ਬਿਹਤਰ ਬਣਾਉਣਾ, ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨਾ ਅਤੇ ਪਿੰਡਾਂ ਨੂੰ ਆਧੁਨਿਕ ਬੁਨਿਆਦੀ ਢਾਂਚੇ ਨਾਲ ਜੋੜਨਾ ਹੈ। ਕੈਬਨਿਟ ਮੰਤਰੀ ਵੱਲੋਂ ਸ਼ੁਰੂ ਕਰਵਾਏ ਗਏ ਵਿਕਾਸ ਕਾਰਜਾਂ ਤਹਿਤ ਪਿੰਡ ਸੰਘਰੇੜੀ ਵਿੱਚ ਫਿਰਨੀ ਨੂੰ 10 ਫੁੱਟ ਤੋਂ 18 ਫੁੱਟ ਤੱਕ ਚੌੜਾ ਕਰਨ ਲਈ ਕਰੀਬ 45 ਲੱਖ ਰੁਪਏ, ਸੰਘਰੇੜੀ-ਸੁਨਾਮ-ਭਵਾਨੀਗੜ੍ਹ ਰੋਡ ਨੂੰ 10 ਫੁੱਟ ਤੋਂ 18 ਫੁੱਟ ਤੱਕ ਚੌੜਾ ਕਰਨ ਲਈ 2 ਕਰੋੜ 12 ਲੱਖ ਰੁਪਏ ਅਤੇ ਸੰਘਰੇੜੀ ਤੋਂ ਨਾਗਰਾ ਰੋਡ ਨੂੰ 10 ਫੁੱਟ ਤੋਂ 18 ਫੁੱਟ ਤੱਕ ਚੌੜਾ ਕਰਨ ਲਈ 1 ਕਰੋੜ 89 ਲੱਖ ਰੁਪਏ ਦੀ ਲਾਗਤ ਨਾਲ ਕੰਮ ਕਰਵਾਏ ਜਾਣਗੇ । ਇਸੇ ਤਰ੍ਹਾਂ ਪਿੰਡ ਬਿਜਲਪੁਰ ਵਿੱਚ ਪਿੰਡ ਦੀ ਫਿਰਨੀ ਰੋਡ ਸਮੇਤ ਬਾਸੀਅਰਕ ਤਕ ਜਾਣ ਵਾਲੀ ਸੜਕ ਨੂੰ 10 ਫੁੱਟ ਤੋਂ 18 ਫੁੱਟ ਤੱਕ ਚੌੜਾ ਕਰਨ ਲਈ ਕਰੀਬ 3 ਕਰੋੜ ਰੁਪਏ ਦੀ ਲਾਗਤ ਨਾਲ ਪ੍ਰੋਜੈਕਟ ਮਨਜ਼ੂਰ ਕੀਤਾ ਗਿਆ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਦੀਆਂ ਹੋਰ ਸੁਵਿਧਾਵਾਂ ਪ੍ਰਾਪਤ ਹੋਣਗੀਆਂ । ਪਿੰਡ ਨਾਗਰਾ ਵਿੱਚ ਵੀ ਕਈ ਅਹਿਮ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ। ਇੱਥੇ ਨਾਗਰਾ-ਖਾਨਪੁਰ ਰੋਡ ਤੋਂ ਨਾਗਰਾ-ਗੁਜਰਾਂ ਰੋਡ ਤੱਕ ਨਵੀਂ ਸੜਕ ਦੀ ਉਸਾਰੀ ਲਈ 1 ਕਰੋੜ 5 ਲੱਖ ਰੁਪਏ, ਪਿੰਡ ਦੀ ਫਿਰਨੀ ਤੋਂ ਮਸੀਤ ਅਤੇ ਗਊਸ਼ਾਲਾ ਤਕ ਨਵੀਂ ਸੜਕ ਬਣਾਉਣ ਲਈ 24 ਲੱਖ ਰੁਪਏ, ਨਾਗਰਾ ਤੋਂ ਘਰਾਚੋਂ ਤਕ ਸੜਕ ਨੂੰ 10 ਫੁੱਟ ਤੋਂ 18 ਫੁੱਟ ਤਕ ਚੌੜਾ ਕਰਨ ਲਈ 2 ਕਰੋੜ 12 ਲੱਖ ਰੁਪਏ ਅਤੇ ਨਾਗਰਾ ਤੋਂ ਨਾਗਰੀ-ਬੀ.ਐਸ. ਬੀ. ਕੇ. ਸੜਕ ਤਕ ਨਵੀਂ ਸੜਕ ਦੀ ਉਸਾਰੀ ਲਈ 91 ਲੱਖ 25 ਹਜ਼ਾਰ ਰੁਪਏ ਦੇ ਪ੍ਰੋਜੈਕਟ ਸ਼ਾਮਲ ਹਨ । ਇਸ ਤੋਂ ਇਲਾਵਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਯਾਦਗਾਰੀ ਗੇਟ ਦੀ ਉਸਾਰੀ ਅਤੇ ਹੋਰ ਵਿਕਾਸ ਕਾਰਜਾਂ ਲਈ 50 ਲੱਖ ਰੁਪਏ ਦੀ ਰਕਮ ਵੀ ਰੱਖੀ ਗਈ ਹੈ । ਇਸ ਤੋਂ ਇਲਾਵਾ 03 ਕਰੋੜ 60 ਲੱਖ ਰੁਪਏ ਅਤੇ 01 ਕਰੋੜ 87 ਲੱਖ ਰੁਪਏ ਦੀ ਲਾਗਤ ਦੇ ਹੋਰ ਵੱਖ ਵੱਖ ਵਿਕਾਸ ਕਾਰਜ ਵੀ ਸ਼ੁਰੂ ਕਰਵਾਏ । ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੁੱਖ ਧਿਆਨ ਪਿੰਡਾਂ ਤੇ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਲੋਕਾਂ ਨੂੰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ 'ਤੇ ਕੇਂਦਰਿਤ ਹੈ । ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੀ ਹਲਕਾ ਸੁਨਾਮ ਵਿੱਚ ਵੱਡੇ ਪੱਧਰ ’ਤੇ ਵਿਕਾਸ ਕਾਰਜ ਕਰਵਾਏ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਵਿਕਾਸ ਦੀ ਇਹ ਲੜੀ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਇਹ ਵੀ ਕਿਹਾ ਕਿ ਹਲਕੇ ਦੀਆਂ ਜ਼ਿਆਦਾਤਰ ਸੜਕਾਂ ਦੀ ਕਾਇਆ ਕਲਪ ਕੀਤੀ ਜਾ ਰਹੀ ਹੈ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਹਲਕਾ ਸੁਨਾਮ ਦੀ ਇੱਕ ਵੀ ਸੜਕ ਕਾਇਆ ਕਲਪ ਤੋਂ ਵਾਂਝੀ ਨਾ ਰਹੇ । ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਨਾਲ ਨਾ ਸਿਰਫ਼ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਦੀਆਂ ਸੁਵਿਧਾਵਾਂ ਵਿੱਚ ਸੁਧਾਰ ਮਿਲੇਗਾ, ਸਗੋਂ ਖੇਤਰ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਵੀ ਹੋਰ ਗਤੀ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਸੂਬੇ ਨੂੰ ਵਿਕਾਸ ਦੇ ਰਾਹ ’ਤੇ ਅੱਗੇ ਲਿਜਾਣ ਲਈ ਲਗਾਤਾਰ ਕੰਮ ਕਰ ਰਹੀ ਹੈ । ਇਸ ਮੌਕੇ ਸਥਾਨਕ ਪੰਚਾਇਤ ਨੁਮਾਇੰਦਿਆਂ ਅਤੇ ਇਲਾਕਾ ਵਾਸੀਆਂ ਨੇ ਵੀ ਕੈਬਨਿਟ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਨਾਲ ਲੋਕਾਂ ਨੂੰ ਕਾਫ਼ੀ ਲਾਭ ਮਿਲੇਗਾ । ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਆਪ ਦੇ ਵੱਖ ਵੱਖ ਅਹੁਦੇਦਾਰ, ਪਤਵੰਤੇ ਅਤੇ ਵੱਡੀ ਗਿਣਤੀ ਪਿੰਡਾਂ ਦੇ ਲੋਕ ਹਾਜ਼ਰ ਸਨ ।

Related Post

Instagram