ਚਾਈਲਡ ਵੈਲਫੇਅਰ ਕੌਂਸਲ ਪੰਜਾਬ ਵੱਲੋਂ ਰਾਜ-ਪੱਧਰੀ ਪੇਂਟਿੰਗ ਮੁਕਾਬਲੇ ਦਾ ਸਫਲ ਆਯੋਜਨ
- by Jasbeer Singh
- November 21, 2025
ਚਾਈਲਡ ਵੈਲਫੇਅਰ ਕੌਂਸਲ ਪੰਜਾਬ ਵੱਲੋਂ ਰਾਜ-ਪੱਧਰੀ ਪੇਂਟਿੰਗ ਮੁਕਾਬਲੇ ਦਾ ਸਫਲ ਆਯੋਜਨ ਮਲੇਰਕੋਟਲਾ, 21 ਨਵੰਬਰ 2025 : ਚਾਈਲਡ ਵੈਲਫੇਅਰ ਕੌਂਸਲ ਪੰਜਾਬ ਵੱਲੋਂ ਸਰਵਹਿਤਕਾਰੀ ਵਿਦਿਆ ਮੰਦਰ ਸਕੂਲ, ਰਟੋਲਾਂ ਵਿਖੇ ਰਾਜ-ਪੱਧਰੀ ਪੇਂਟਿੰਗ ਮੁਕਾਬਲੇ ਦਾ ਸਫਲ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ 73 ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ਭਾਗ ਲਿਆ। ਇਹ ਸਾਰੇ ਵਿਦਿਆਰਥੀ ਪਹਿਲਾਂ ਬਲਾਕ ਅਤੇ ਫਿਰ ਜ਼ਿਲ੍ਹਾ ਪੱਧਰ ‘ਤੇ ਚੁਣੇ ਗਏ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਬੱਚਿਆਂ ਦੀ ਕਲਾ, ਉਤਸ਼ਾਹ ਅਤੇ ਰਚਨਾਤਮਕਤਾ ਦੀ ਪ੍ਰਸ਼ੰਸਾ ਕਰਦੇ ਹੋਏ ਸਾਰੇ ਭਾਗੀਦਾਰਾਂ ਨੂੰ ਪ੍ਰਮਾਣ–ਪੱਤਰ ਸੌਂਪੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਬੱਚਿਆਂ ਦੇ ਸਮੁੱਚੇ ਵਿਕਾਸ ਲਈ ਮਹੱਤਵਪੂਰਨ ਹੁੰਦੇ ਹਨ, ਕਿਉਂਕਿ ਇਹ ਉਨ੍ਹਾਂ ਵਿੱਚ ਆਤਮ-ਵਿਸ਼ਵਾਸ, ਅਨੁਸ਼ਾਸਨ ਤੇ ਰਚਨਾਤਮਕ ਸੋਚ ਨੂੰ ਮਜ਼ਬੂਤ ਬਣਾਉਂਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਦੀਆਂ ਰਚਨਾਵਾਂ ਦਾ ਨਿਰੀਖਣ ਕੀਤਾ ਅਤੇ ਬੱਚਿਆਂ ਦੀ ਕਲਾ ਨੂੰ ਉੱਚ ਪੱਧਰੀ ਦੱਸਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਮੁਕਾਬਲੇ ਉਨ੍ਹਾਂ ਵਿੱਚ ਕਲਾਤਮਕ ਨਿੱਖਾਰ ਲਿਆਉਂਦੇ ਹਨ ਅਤੇ ਭਵਿੱਖ ਵਿੱਚ ਵੱਡੇ ਮੰਚਾਂ 'ਤੇ ਪਹੁੰਚਣ ਲਈ ਉਨ੍ਹਾਂ ਨੂੰ ਪ੍ਰੇਰਿਤ ਕਰਦੇ ਹਨ। ਸਕੂਲ ਪ੍ਰਬੰਧਕਾਂ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੁਆਰਾ ਦਿੱਤੀ ਪ੍ਰੇਰਣਾ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਚੇਅਰਪਰਸਨ ਚਾਈਲਡ ਵੈਲਫੇਅਰ ਕੌਂਸਲ ਪੰਜਾਬ ਪ੍ਰਾਜਕਤਾ ਅਵਧ, ਖਜਾਨਚੀ ਰਤਿੰਦਰ ਬਰਾੜ, ਚਾਈਲਡ ਵੈਲਫੇਅਰ ਅਫਸਰ, ਚੰਡੀਗੜ੍ਹ ਗੁਰਪ੍ਰੀਤ ਕੌਰ, ਸੀਨੀਅਰ ਸਹਾਇਕ ਅਨੀਲ ਸ਼ਰਮਾ, ਪ੍ਰਿੰਸੀਪਲ ਸਰਵਹਿਤਕਾਰੀ ਵਿਦਿਆ ਮੰਦਰ ਪੀ.ਐਸ. ਖਿਮਤਾ, ਪ੍ਰਧਾਨ ਸਕੂਲ ਮੈਨੇਜਮੈਂਟ ਕਮਲ ਵਧਾਵਨ, ਜਿਲਾ ਨੋਡਲ ਅਫਸਰ ਮੁਹੰਮਦ ਅਸਗਰ, ਡਾ. ਸਲੀਮ ਜੁਵੈਰੀ ਸਮੇਤ ਜ਼ਿਲਾ ਚਾਈਲਡ ਵੈਲਫੇਅਰ ਸੁਸਾਇਟੀ ਦੇ ਹੋਰ ਮੈਂਬਰ ਹਾਜਰ ਸਨ।
