post

Jasbeer Singh

(Chief Editor)

Patiala News

ਸ਼ੀਸ਼ ਮਹਿਲ ਤੇ ਕਿਲ੍ਹਾ ਮੁਬਾਰਕ ਵਿਖੇ ਬੰਦ ਪਏ ਮਿਉਜ਼ੀਅਮ ਆਮ ਲੋਕਾਂ ਲਈ ਖੋਲ੍ਹੇ : ਵਰਜੀਤ ਵਾਲੀਆ

post-img

ਸ਼ੀਸ਼ ਮਹਿਲ ਤੇ ਕਿਲ੍ਹਾ ਮੁਬਾਰਕ ਵਿਖੇ ਬੰਦ ਪਏ ਮਿਉਜ਼ੀਅਮ ਆਮ ਲੋਕਾਂ ਲਈ ਖੋਲ੍ਹੇ : ਵਰਜੀਤ ਵਾਲੀਆ -ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ 'ਚ ਆਉਂਦੇ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੀਆਂ ਸ਼ੀਸ਼ ਮਹਿਲ ਦੇ ਮਿਊਜ਼ੀਅਮ 'ਚ ਪਈਆਂ ਪੁਰਾਤਨ ਵਸਤਾਂ -ਪੰਜਾਬ ਦੀ ਵਿਰਾਸਤੀ ਧਰੋਹਰ ਸੰਭਾਲਣ ਲਈ ਪੰਜਾਬ ਸਰਕਾਰ ਨੇ ਕੀਤੇ ਅਹਿਮ ਉਪਰਾਲੇ-ਡੀ.ਸੀ. ਪਟਿਆਲਾ, 26 ਫਰਵਰੀ 2026 : ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਨੇ ਇੱਥੇ ਸ਼ੀਸ਼ ਮਹਿਲ ਅਤੇ ਕਿਲ੍ਹਾ ਮੁਬਾਰਕ ਵਿਖੇ ਬੰਦ ਪਏ ਮਿਉਜ਼ੀਅਮ ਆਮ ਲੋਕਾਂ ਦੇ ਦੇਖਣ ਲਈ ਖੋਲ੍ਹ ਦਿੱਤੇ ਹਨ । ਜਿੱਥੇ ਕਿਲ੍ਹਾ ਮੁਬਾਰਕ ਦੇ ਦਰਬਾਰ ਹਾਲ ਵਿਖੇ ਮਿਉਜ਼ੀਅਮ ਵਿੱਚ ਪਈਆਂ ਪੁਰਾਤਨ ਵਸਤਾਂ ਦੇਖਣ ਲਈ ਵੱਡੀ ਗਿਣਤੀ ਦਰਸ਼ਕ ਪੁੱਜ ਰਹੇ ਹਨ, ਉਥੇ ਹੀ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਵਿੱਚ ਵੀ ਸ਼ੀਸ਼ ਮਹਿਲ ਦੇ ਨਵੀਨੀਕਰਨ ਉਪਰੰਤ ਖੋਲ੍ਹੇ ਗਏ ਮਿਉਜ਼ੀਅਮ ਨੂੰ ਦੇਖਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ । ਇਹ ਪ੍ਰਗਟਾਵਾ ਕਰਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਵਿਭਾਗ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਪੰਜਾਬ ਸਰਕਾਰ ਰਾਜ ਦੀ ਵਿਰਾਸਤੀ ਧਰੋਹਰ ਸੰਭਾਲਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸੇ ਤਹਿਤ ਹੀ ਪਟਿਆਲਾ ਦੀਆਂ ਵਿਰਾਸਤੀ ਇਮਾਰਤਾਂ, ਕਿਲ੍ਹਾ ਮੁਬਾਰਕ ਅਤੇ ਸ਼ੀਸ਼ ਮਹਿਲ ਵਿਖੇ ਪਟਿਆਲਾ ਵਿਰਾਸਤੀ ਮੇਲੇ ਦੌਰਾਨ ਇਹ ਦੋਵੇਂ ਮਿਉਜ਼ੀਅਮ ਆਮ ਲੋਕਾਂ ਦੇ ਦੇਖਣ ਲਈ ਖੋਲ੍ਹ ਦਿੱਤੇ ਗਏ ਹਨ। ਸ਼ੀਸ਼ ਮਹਿਲ ਵਿਖੇ ਖੋਲ੍ਹੇ ਗਏ ਮਿਉਜ਼ੀਅਮ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ । ਇਨ੍ਹਾਂ ਵਿੱਚ 1 ਨੰਬਰ ਚੀਨੀ ਕਲਾ ਗੈਲਰੀ ਹੈ, ਜਿੱਥੇ ਪੌਟਰੀ, ਬੁੱਧ ਤੇ ਹੋਰ ਧਰਮਾਂ ਨਾਲ ਸਬੰਧਤ ਫੋਟੋਆਂ ਤੇ ਹੋਰ ਸਾਜੋ ਸਮਾਨ ਸਜਾਇਆ ਗਿਆ ਹੈ। ਇਸੇ ਤਰ੍ਹਾਂ 2 ਨੰਬਰ ਗੈਲਰੀ ਵਿੱਚ ਮਹਾਨ ਸ਼ਖ਼ਸੀਅਤਾਂ ਦੇ ਸਕੱਲਚਰ ਪਏ ਹਨ, ਜਿਨ੍ਹਾਂ 'ਚ ਪਟਿਆਲਾ ਰਿਆਸਤ ਸਮੇਤ ਹੋਰ ਸ਼ਖ਼ਸੀਅਤਾਂ ਦੇ ਪੱਥਰ ਦੇ ਤਰਾਸ਼ੇ ਬੁੱਤ ਸਜਾਏ ਗਏ ਹਨ । ਪੋਰਟਰੇਟ ਤੇ ਕੋਲਾਜ ਵਾਲੀ 3 ਨੰਬਰ ਗੈਲਰੀ ਵਿਖੇ ਵੱਖ-ਵੱਖ ਤਰ੍ਹਾਂ ਦੀਆਂ ਪੇਟਿੰਗਜ਼ ਤੇ ਕੋਲਾਜ ਸਜੇ ਹੋਏ ਹਨ । ਜਦਕਿ 4 ਨੰਬਰ ਗੈਲਰੀ ਪ੍ਰਾਚੀਨ ਮੂਰਤੀ ਕਲਾ ਗੈਲਰੀ ਹੈ, ਜਿੱਥੇ ਕਿ ਪੁਰਾਤਨ ਮੂਰਤੀਆਂ ਤੇ ਹੋਰ ਸਾਜੋ ਸਮਾਨ ਰੱਖਿਆ ਗਿਆ ਹੈ । ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਵਿੱਚ ਆਉਣ ਵਾਲੇ ਦਰਸ਼ਕ ਹੁੰਮ-ਹੁੰਮਾ ਕੇ ਇਸ ਮਿਉਜੀਅਮ ਨੂੰ ਦੇਖ ਰਹੇ ਹਨ । ਦਰਸ਼ਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਪੰਜਾਬ ਸਰਕਾਰ ਨੇ ਇਹ ਮਿਉਜ਼ੀਅਮ ਖੋਲ੍ਹ ਕੇ ਪਟਿਆਲਾ ਵਾਸੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ । ਇਸੇ ਤਰ੍ਹਾਂ ਹੀ ਕਿਲ੍ਹਾ ਮੁਬਾਰਕ ਵਿਖੇ ਦਰਬਾਰ ਹਾਲ ਦੇ ਖੋਲ੍ਹੇ ਗਏ ਮਿਉਜ਼ੀਅਮ ਬਾਰੇ ਦੱਸਦਿਆਂ ਵਿਭਾਗ ਦੇ ਕਾਰਜਕਾਰੀ ਸਹਾਇਕ ਮੈਡਮ ਸ਼ਰੀਨ ਨੇ ਦੱਸਿਆ ਕਿ ਇਸ ਮਿਉਜ਼ੀਅਮ ਵਿਖੇ ਵੀ ਅਹਿਮ ਪੁਰਾਤਨ ਵਸਤਾਂ ਪਈਆਂ ਹਨ, ਇਸ ਮਿਉਜ਼ੀਮਅ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ, ਇੱਕ ਪੁਰਾਤਨ ਵਸਤਾਂ ਗੈਲਰੀ ਤੇ ਦੂਜੀ ਪੁਰਾਤਨ ਹਥਿਆਰ (ਆਰਮਜ ਤੇ ਆਰਮਰ) ਗੈਲਰੀ । ਇੱਥੇ ਪੁਰਾਤਨ ਝਾੜ ਫਾਨੂਸ (ਸ਼ੈਂਡਲੇਅਰ), ਇੱਕ ਮਿਆਨ 'ਚ ਦੋ ਤਲਵਾਰਾਂ, ਗੁਰੂ ਗੋਬਿੰਦ ਸਿੰਘ ਜੀ ਦੀ ਅਸਲ ਤਸਵੀਰ, ਕਟਾਰ, ਮਿਉਰਲ ਪੇਟਿੰਗਜ਼, ਪਹਿਲੀਆਂ ਲਾਂਚ ਹੋਈਆਂ ਇਟਾਲਾ ਤੇ ਫਇਏਟ ਕਾਰਾਂ, ਕੋਲਕਾਤਾ ਤੋਂ ਤਿਆਰ ਹੋਈ ਚਾਂਦੀ ਦੀ ਬੱਘੀ, ਡ੍ਰੈਸਿੰਗ ਟੇਬਲਜ਼ ਆਦਿ ਇਹ ਸਭ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹਨ । ਵਰਜੀਤ ਵਾਲੀਆ ਨੇ ਕਿਹਾ ਕਿ ਪਟਿਆਲਵੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਹ ਦੋਵੇਂ ਬੰਦ ਪਏ ਮਿਉਜ਼ੀਅਮ ਆਮ ਲੋਕਾਂ ਲਈ ਖੋਲ੍ਹ ਦਿੱਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪੁਰਾਤਨ ਵਸਤਾਂ ਦੇਖਣ ਲਈ ਇੱਕ ਵਾਰ ਜ਼ਰੂਰ ਇਨ੍ਹਾਂ ਥਾਵਾਂ ਦਾ ਦੌਰਾ ਕਰਨ ਅਤੇ ਆਪਣੀ ਅਮੀਰ ਵਿਰਾਸਤੀ ਧਰੋਹਰ ਦੇ ਦਿਦਾਰ ਕਰਨ। ਉਨ੍ਹਾਂ ਕਿਹਾ ਕਿ ਇਹ ਸਾਰਾ ਸਾਜੋ ਸਮਾਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਕਰ ਲਿਆ ਗਿਆ ਹੈ ।

Related Post

Instagram