ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਵੱਲੋਂ ਅੱਜ ਦੋ ਦਰਜਨ ਤੋਂ ਜ਼ਿਆਦਾ ਪਿੰਡਾਂ ਦਾ ਦੌਰਾ ਕੀਤਾ ਗਿਆ ਜਿਸ ਮੌਕੇ ਉਨ੍ਹਾਂ ਨਾਲ ਹਲਕਾ ਇੰਚਾਰਜ ਦਰਬਾਰਾ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਮੌਕੇ ਡਾ. ਗਾਂਧੀ ਨੇ ਕਿਹਾ ਕਿ ਸਮੁੱਚੇ ਲੋਕ ਸਭਾ ਹਲਕਾ ਪਟਿਆਲਾ ਵਿੱਚ ਦਿਨੋਂ-ਦਿਨ ਕਾਂਗਰਸ ਪਾਰਟੀ ਦੀ ਲਹਿਰ ਜ਼ੋਰ ਫੜਦੀ ਜਾ ਰਹੀ ਹੈ ਕਿਉਂਕਿ ਲੋਕ ਅੱਜ ਸਮਝ ਰਹੇ ਹਨ ਕਿ ਕੇਂਦਰ ਵਿੱਚ ਮੋਦੀ ਸਰਕਾਰ ਦਾ ਬਦਲ ਸਿਰਫ਼ ਅਤੇ ਸਿਰਫ਼ ਕਾਂਗਰਸ ਪਾਰਟੀ ਹੀ ਹੈ। ਉਨ੍ਹਾਂ ਕਿਸਾਨਾਂ ਮਜ਼ਦੂਰਾਂ ਦੇ ਇਕੱਠ ਨੂੰ ਕਿਹਾ ਕਿ ਮੋਦੀ ਹਕੂਮਤ ਸਮਝਦੀ ਹੈ ਕਿ ਦਿੱਲੀ ਉਨ੍ਹਾਂ ਦੀ ਹੈ ਤਾਂ ਉਹ ਇਹ ਵੀ ਸਮਝ ਲੈਣ ਕਿ ਇਹ ਪਿੰਡ ਲੋਕਾਂ ਦੇ ਹਨ। ਲੋਕ ਸਰਕਾਰ ਵੱਲੋਂ ਕੀਤੇ ਜ਼ੁਲਮ ਨੂੰ ਭੁੱਲੇ ਨਹੀਂ ਹਨ, ਇਸ ਲਈ ਹੀ ਕਿਸਾਨ ਤੇ ਮਜ਼ਦੂਰ ਡਟ ਕੇ ਭਾਜਪਾ ਦਾ ਵਿਰੋਧ ਕਰ ਰਹੇ ਹਨ ਕਿਉਂਕਿ ਭਾਜਪਾ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਕੇ ਜਮਹੂਰੀ ਹੱਕਾਂ ਦਾ ਘਾਣ ਕੀਤਾ ਹੈ। ਕਾਂਗਰਸ ਪਾਰਟੀ ਦੀ ਅਗਵਾਈ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣਨ ਮਗਰੋਂ ਜਿੱਥੇ ਕਿਸਾਨਾਂ ਲਈ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਿੱਤੀ ਜਾਵੇਗੀ, ਉੱਥੇ ਹੀ ਮਜ਼ਦੂਰਾਂ ਲਈ ਮਨਰੇਗਾ ਦੀ ਦਿਹਾੜੀ ਘੱਟੋ ਘੱਟ 400 ਰੁਪਏ ਅਤੇ ਪੂਰਾ ਸਾਲ ਕੰਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹਰ ਲੋੜਵੰਦ ਪਰਿਵਾਰ ਲਈ 25 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਬੀਮਾ ਕਰਵਾਇਆ ਜਾਵੇਗਾ। ਇਸ ਵੇਲੇ ਗੁਰਸ਼ਰਨ ਕੌਰ ਰੰਧਾਵਾ ਪ੍ਰਧਾਨ ਮਹਿਲਾ ਕਾਂਗਰਸ ਪੰਜਾਬ, ਮਹੰਤ ਹਰਵਿੰਦਰ ਸਿੰਘ ਖਨੌੜਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਪਟਿਆਲਾ ਸਮੇਤ ਕਈ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਪਾਤੜਾਂ (ਗੁਰਨਾਮ ਸਿੰਘ ਚੌਹਾਨ): ਹਲਕਾ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਚੋਣ ਪ੍ਰਚਾਰ ਨੂੰ ਤੇਜ਼ ਕਰਦਿਆਂ ਹਲਕਾ ਸ਼ੁਤਰਾਣਾ ਦਾ ਤੂਫਾਨੀ ਦੌਰਾ ਕੀਤਾ। ਉਨ੍ਹਾਂ ਹਲਕੇ ਦੇ ਦੋ ਦਰਜਨ ਤੋਂ ਵੱਧ ਪਿੰਡਾਂ ਘੱਗਾ, ਨਿਆਲ, ਦੁਗਾਲ, ਜਿਉਣਪੁਰਾ, ਹਰਿਆਊ ਖੁਰਦ, ਹਰਿਆਊ ਕਲਾਂ, ਕੱਲਰ ਭੈਣੀ, ਭੂਤਗੜ੍ਹ, ਖਾਨੇਵਾਲ, ਮੌਲਵੀਵਾਲਾ, ਗੋਬਿੰਦਪੁਰਾ ਪੈਂਦ, ਗੁਲਾਹੜ, ਢਾਬੀ ਗੁੱਜਰਾਂ, ਮਤੌਲੀ, ਠਰੂਆ, ਬਹਿਰ ਸਾਹਿਬ, ਚਿੱਚੜਵਾਲਾ, ਰਸੌਲੀ, ਦੁਤਾਲ ਤੇ ਖਾਸਪੁਰ ਤੋਂ ਇਲਾਵਾ ਪਾਤੜਾਂ ਸ਼ਹਿਰ ਦੇ ਕਈ ਵਾਰਡਾਂ ਵਿੱਚ ਚੋਣ ਸਭਾਵਾਂ ਕੀਤੀਆਂ। ਪਿੰਡ ਮੌਲਵੀਵਾਲਾ ਦੇ ਸਰਪੰਚ ਦਵਿੰਦਰਦੀਪ ਸਿੰਘ ਬੂਟਾ ਦੀ ਰਿਹਾਇਸ਼ ’ਤੇ ਡਾ. ਧਰਮਵੀਰ ਗਾਂਧੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਬੜੇ ਨਾਜ਼ੁਕ ਹਾਲਾਤਾਂ ਵਿੱਚੋਂ ਲੰਘ ਰਿਹਾ ਹੈ। ਭਾਜਪਾ ਸੰਵਿਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ। ਉਨ੍ਹਾਂ ਅਪੀਲ ਕੀਤੀ ਕਿ ਸੰਵਿਧਾਨ ਦੀ ਰਾਖੀ ਕਰਕੇ ਹੀ ਦੇਸ਼ ਨੂੰ ਬਚਾਇਆ ਜਾ ਸਕਦਾ ਹੈ, ਨਹੀਂ ਤਾਂ ਦੇਸ਼ ਟੁਕੜੇ ਟੁਕੜੇ ਹੋ ਜਾਵੇਗਾ। ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਬਣਵਾਲਾ, ਗੁਰਸ਼ਰਨ ਕੌਰ ਰੰਧਾਵਾ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਵੰਤ ਸਿੰਘ ਮੌਲਵੀਵਾਲਾ, ਗੁਰਦਰਸ਼ਨ ਸਿੰਘ ਗਲੌਲੀ, ਸਰਪੰਚ ਹਰਦੀਪ ਸਿੰਘ ਕੁਲਾਰ ਅਤੇ ਬਲਦੇਵ ਸਿੰਘ ਬੋਹੜੀਵਾਲਾ ਹਾਜ਼ਰ ਸਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.