

ਕ੍ਰਿਕਟਰ ਵਿਰਾਟ ਕੋਹਲੀ ਲਿਆ ਟੈਸਟ ਕ੍ਰਿਕਟ ਤੋਂ ਸੰਨਿਆਸ ਨਵੀਂ ਦਿੱਲੀ : ਭਾਰਤੀ ਕ੍ਰਿਕਟ ਨੂੰ ਇੱਕ ਹਫ਼ਤੇ ਦੇ ਅੰਦਰ ਦੋ ਵੱਡੇ ਝਟਕੇ ਲੱਗੇ ਹਨ। ਰੋਹਿਤ ਸ਼ਰਮਾ ਤੋਂ ਬਾਅਦ ਹੁਣ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਉਨ੍ਹਾਂ ਨੇ ਇੰਸਟਾਗ੍ਰਾਮ `ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ।ਪਿਛਲੇ ਕੁਝ ਦਿਨਾਂ ਤੋਂ ਮੀਡੀਆ ਵਿੱਚ ਇਹ ਚਰਚਾ ਸੀ ਕਿ ਕੋਹਲੀ ਨੇ ਬੀਸੀਸੀਆਈ ਨੂੰ ਆਪਣੀ ਸੰਨਿਆਸ ਬਾਰੇ ਸੂਚਿਤ ਕਰ ਦਿੱਤਾ ਹੈ, ਪਰ ਬੀਸੀਸੀਆਈ ਨੇ ਉਨ੍ਹਾਂ ਨੂੰ ਆਉਣ ਵਾਲੀ ਇੰਗਲੈਂਡ ਟੈਸਟ ਲੜੀ ਦੇ ਮੱਦੇਨਜ਼ਰ ਆਪਣੇ ਫ਼ੈਸਲੇ `ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ । ਹਾਲਾਂਕਿ, ਕੋਹਲੀ ਨੇ ਟੈਸਟ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ। ਇਹ ਭਾਰਤ ਲਈ ਇੱਕ ਵੱਡਾ ਝਟਕਾ ਹੈ ਕਿਉਂਕਿ 8 ਮਈ ਨੂੰ ਨਿਯਮਤ ਕਪਤਾਨ ਰੋਹਿਤ ਨੇ ਵੀ ਟੈਸਟ ਤੋਂ ਸੰਨਿਆਸ ਲੈ ਲਿਆ ਸੀ। ਇੱਕ ਹਫ਼ਤੇ ਦੇ ਅੰਦਰ ਦੋ ਮਹਾਨ ਖਿਡਾਰੀਆਂ ਦੇ ਸੰਨਿਆਸ ਲੈਣ ਤੋਂ ਪ੍ਰਸ਼ੰਸਕ ਹੈਰਾਨ ਹਨ। ਇਸ ਦੇ ਨਾਲ ਹੀ ਭਾਰਤੀ ਟੈਸਟ ਕ੍ਰਿਕਟ ਦੇ ਇੱਕ ਅਧਿਆਏ ਦਾ ਅੰਤ ਹੋ ਗਿਆ। ਭਾਰਤ ਅਗਲੇ ਮਹੀਨੇ ਇੰਗਲੈਂਡ ਦਾ ਦੌਰਾ ਕਰਨ ਵਾਲਾ ਹੈ। ਇਸ ਸਮੇਂ ਦੌਰਾਨ ਟੀਮ ਪੰਜ ਮੈਚਾਂ ਦੀ ਟੈਸਟ ਲੜੀ ਖੇਡੇਗੀ।