ਕੇਂਦਰੀ ਜੇਲ ਪਟਿਆਲਾ, ਨਵੀਂ ਜੇਲ ਨਾਭਾ ਅਤੇ ਖੁੱਲ੍ਹੀ ਖੇਤੀਬਾੜੀ ਜੇਲ ਨਾਭਾ ਵਿਖੇ ਚਲਾਇਆ ਸਰਚ ਅਪ੍ਰੇਸ਼ਨ
- by Jasbeer Singh
- March 28, 2024
ਪਟਿਆਲਾ, 28 ਮਾਰਚ (ਜਸਬੀਰ)-ਕੇਂਦਰੀ ਜੇਲ ਪਟਿਆਲਾ, ਨਵੀਂ ਜੇਲ ਨਾਭਾ ਤੇ ਖੁੱਲ੍ਹੀ ਖੇਤੀਬਾੜੀ ਜੇਲ ਨਾਭਾ ਵਿਖੇ ਅੱਜ ਐਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ, ਐਸ. ਪੀ. ਹੈਡ ਕੁਆਰਟਰ ਹਰਵੰਤ ਕੌਰ ਦੀ ਅਗਵਾਈ ਹੇਠ ਸਰਚ ਅਪ੍ਰੇਸ਼ਨ ਚਲਾਇਆ ਗਿਆ। ਸਵੇਰੇ ਹੀ ਸਬੰਧਤ ਥਾਣਿਆਂ ਦੀ ਪੁਲਸ ਅਤੇ ਹੋਰ ਵਿੰਗਾਂ ਦੀ ਪੁਲਸ ਪਾਰਟੀ ਵੱਖ-ਵੱਖ ਜੇਲਾਂ ਵਿਚ ਪਹੁੰਚੀਆਂ ਅਤੇ ਉਥੇ ਸਰਚ ਸ਼ੁਰੂ ਕੀਤੀ। ਕੇਂਦਰੀ ਜੇਲ ਪਟਿਆਲਾ ’ਚ ਸਰਚ ਤੋਂ ਪਹਿਲਾਂ ਐਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ ਨੇ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਬ੍ਰੀਫ ਕੀਤਾ ਅਤੇ ਕਿਹਾ ਕਿ ਸਰਚ ਨੂੰ ਬੜੇ ਧਿਆਨ ਨਾਲ ਕੀਤਾ ਜਾਵੇ ਤਾਂ ਕਿ ਕੋਈ ਵੀ ਜੇਕਰ ਗੈਰ-ਕਾਨੂੰਨੀ ਗਤੀਵਿਧੀ ਪਾਈ ਜਾਂਦੀ ਹੈ ਤਾਂ ਉਹ ਬਚ ਨਾ ਸਕੇ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲਸ ਹਮੇਸ਼ਾਂ ਹੀ ਹਰੇਕ ਖੇਤਰ ’ਚ ਸੁਚੇਤ ਹੈ। ਜੇਲ ਵਿਚ ਲਗਾਤਾਰ ਸਰਚ ਅਪ੍ਰੇਸ਼ਨ ਅਚਾਨਕ ਚਲਾਏ ਜਾਂਦੇ ਹਨ ਤਾਂ ਕਿ ਜੇਲਾਂ ਵਿਚ ਬੰਦ ਅਪਰਾਧੀ ਆਪਣੇ ਕਿਸੇ ਵੀ ਮਨਸੂਬੇ ਨੂੰ ਪੂਰਾ ਨਾ ਕਰ ਸਕਣ। ਸਰਚ ਤੋਂ ਬਾਅਦ ਜਾਣਕਾਰੀ ਦਿੰਦਿਆਂ ਐਸ. ਪੀ. ਸਿਟੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਕੇਂਦਰੀ ਜੇਲ ਪਟਿਆਲਾ ’ਚੋਂ ਇਕ ਮੋਬਾਇਲ, ਚਾਰਜਰ, ਡਾਟਾ ਕੇਬਲ ਤੇ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ ਹੈ ਤੇ ਥਾਣਾ ਤਿ੍ਰਪੜੀ ਵਿਖੇ ਕੇਸ ਦਰਜ ਕੀਤਾ ਗਿਆ ਹੈ। ਐਸ. ਪੀ. ਸਿਟੀ ਨੇ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਪੁਲਸ ਵਲੋਂ ਲਗਾਤਾਰ ਜਨਤਕ ਅਤੇ ਹੋਰ ਥਾਵਾਂ ’ਤੇ ਸਰਚ ਅਪ੍ਰੇਸ਼ਨ ਚਲਾਏ ਜਾ ਰਹੇ ਹਨ। ਇਸ ਤੋਂ ਇਲਾਵਾ ਰਾਤ ਨੂੰ ਵਿਸ਼ੇਸ਼ ਨਾਕਾਬੰਦੀਆਂ ਕਰਕੇ ਚੈਕਿੰਗ ਕਰਵਾਈ ਜਾ ਰਹੀ ਹੈ। ਪੀ. ਸੀ. ਆਰ. ਨੂੰ ਵੀ ਸੁਚੇਤ ਕਰ ਦਿੱਤਾ ਗਿਆ ਹੈ। ਨਾਈਟ ਡੋਮੀਨੇਸ਼ਨ ਵਧਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਐਸ. ਐਸ. ਪੀ. ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਅਪਰਾਧਕ ਗਤੀਵਿਧੀਆਂ ਵਾਲਿਆਂ ਦੇ ਰਿਕਾਰਡ ਦੀ ਜਾਂਚ ਕਰਕੇ ਉਨ੍ਹਾਂ ’ਤੇ ਨਜਰਸਾਨੀ ਕੀਤੀ ਜਾ ਰਹੀ ਹੈ, ਸਮੁੱਚੇ ਹੋਸਟਲ, ਪੀ. ਜੀ. ਵਾਲਿਆਂ ਨੂੰ ਸਮੁੱਚਾ ਰਿਕਾਰਡ ਰੱਖਣ ਲਈ ਆਖਿਆ ਗਿਆ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜਰ ਪਟਿਆਲਾ ਪੁਲਸ ਵਲੋਂ ਇੰਟਰ ਸਟੇਟ ਨਾਕਾਬੰਦੀ ਤੇ ਹਰਿਆਣਾ ਪੁਲਸ ਨਾਲ ਵੀ ਤਾਲਮੇਲ ਬਣਾਇਆ ਜਾ ਰਿਹਾ ਹੈ ਤਾਂ ਕਿ ਕੋਈ ਵੀ ਵਿਅਕਤੀ ਕਿਸੇ ਅਪਰਾਧਕ ਗਤੀਵਿਧੀ ਨੂੰ ਅੰਜਾਮ ਦੇਣ ਤੋਂ ਬਾਅਦ ਦੂਜੇ ਰਾਜ ਵਿਚ ਜਾ ਕੇ ਛੁੱਪ ਨਾ ਜਾਵੇ। ਐਸ. ਪੀ. ਸਿਟੀ ਨੇ ਦੱਸਿਆ ਕਿ ਜੇਲਾਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ। ਉਨ੍ਹਾਂ ਅਸਲਾ ਲਾਇਸੈਂਸੀਆਂ ਨੂੰ ਅਪੀਲ ਕੀਤੀ ਕਿ ਉਹ 31 ਮਾਰਚ ਤੱਕ ਆਪਣਾ ਅਸਲਾ ਥਾਣਿਆਂ ਜਾਂ ਗੰਨ ਹਾਊਸਾਂ ਵਿਚ ਜਮ੍ਹਾ ਕਰਵਾ ਦੇਣ ਤੇ ਜੇਕਰ ਇਸ ਤੋਂ ਬਾਅਦ ਕਿਸੇ ਕੋਲ ਹਥਿਆਰ ਪਾਇਆ ਗਿਆ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.