

DIESEL RATES : ਸਰਕਾਰ ਨੇ ਡੀਜ਼ਲ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਪੂਰਾ ਪਲਾਨ ਬਣਾ ਲਿਆ ਹੈ। ਪੈਟਰੋਲ ‘ਚ ਈਥਾਨੌਲ ਨੂੰ ਮਿਲਾਉਣ ਦੀਆਂ ਤਿਆਰੀਆਂ ਵਿਚਾਲੇ ਸਰਕਾਰ ਨੇ ਐਲਾਨ ਕੀਤਾ ਹੈ ਕਿ ਡੀਜ਼ਲ ‘ਚ ਵੀ 5 ਫੀਸਦੀ ਈਥਾਨੋਲ ਮਿਲਾਇਆ ਜਾਵੇਗਾ।ਇਸ ਸਬੰਧੀ ਸਾਰੇ ਸਬੰਧਤ ਮੰਤਰੀਆਂ ਅਤੇ ਅਧਿਕਾਰੀਆਂ ਦੀ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਮੀਟਿੰਗ ਵੀ ਹੋ ਚੁੱਕੀ ਹੈ। ਸਰਕਾਰ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਇਸ ਦਾ ਮਕਸਦ ਵਾਤਾਵਰਣ ਨੂੰ ਸੁਰੱਖਿਅਤ ਬਣਾਉਣਾ ਅਤੇ ਤੇਲ ‘ਤੇ ਆਯਾਤ ਦੀ ਨਿਰਭਰਤਾ ਨੂੰ ਘਟਾਉਣਾ ਹੈ। ਤੁਹਾਨੂੰ ਦੱਸ ਦੇਈਏ ਕਿ ਅਗਲੇ ਦੋ ਸਾਲਾਂ ‘ਚ ਪੈਟਰੋਲ ‘ਚ 20 ਫੀਸਦੀ ਈਥਾਨੋਲ ਮਿਲਾਉਣ ਦੀ ਤਿਆਰੀ ਹੈ। ਦਰਅਸਲ, ਡੀਜ਼ਲ ਵਿੱਚ ਈਥਾਨੌਲ ਮਿਲਾਉਣ ਦੀ ਗੱਲ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੰਸਦ ਵਿੱਚ ਵੀ ਕਹੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇਹ ਕੰਮ ਫਿਲਹਾਲ ਟ੍ਰਾਇਲ ਦੇ ਪੜਾਅ ਵਿੱਚ ਹੈ। ਇਸ ਤਰ੍ਹਾਂ ਦੇ ਈਂਧਨ ਤੋਂ ਕੁਝ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਫਿਊਲ ਟੈਂਕ ਵਿੱਚ ਕਚਰਾ ਜਮ੍ਹਾਂ ਹੋਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਸਾਡੀ ਕੋਸ਼ਿਸ਼ ਜਲਦ ਹੀ ਇਸ ਸਮੱਸਿਆ ਨੂੰ ਦੂਰ ਕਰਕੇ ਇਸ ਦਿਸ਼ਾ ਵਿੱਚ ਅੱਗੇ ਵਧਣ ਦੀ ਹੈ। ਇਸ ਨਾਲ ਆਯਾਤ ‘ਤੇ ਸਾਡੀ ਨਿਰਭਰਤਾ ਨੂੰ ਘਟਾਉਣ ਅਤੇ ਵਿਦੇਸ਼ੀ ਮੁਦਰਾ ਬਚਾਉਣ ਵਿੱਚ ਮਦਦ ਮਿਲੇਗੀ।ਬੀਤੇ ਮਈ ਮਹੀਨੇ ਵਿੱਚ, ਭਾਰਤ ਨੇ ਵੱਡੀ ਸਫ਼ਲਤਾ ਹਾਸਿਲ ਕਰਦੇ ਹੋਏ ਪੈਟਰੋਲ ਵਿੱਚ ਈਥਾਨੋਲ ਮਿਲਾਉਣ ਦੇ ਅਨੁਪਾਤ ਨੂੰ 15 ਪ੍ਰਤੀਸ਼ਤ ਤੋਂ ਉੱਪਰ ਪਹੁੰਚਾ ਦਿੱਤਾ ਹੈ। ਦੇਸ਼ ‘ਚ ਈਥਾਨੌਲ ਦਾ ਉਤਪਾਦਨ ਵੀ ਲਗਾਤਾਰ ਵਧ ਰਿਹਾ ਹੈ ਅਤੇ ਅਜਿਹਾ ਲੱਗਦਾ ਹੈ ਕਿ ਅਗਲੇ ਦੋ ਸਾਲਾਂ ‘ਚ 20 ਫੀਸਦੀ ਈਥਾਨੋਲ ਨੂੰ ਮਿਲਾਉਣ ਦਾ ਟੀਚਾ ਹਾਸਲ ਕਰ ਲਿਆ ਜਾਵੇਗਾ। ਹੁਣ ਸਰਕਾਰ ਡੀਜ਼ਲ ਵਿੱਚ ਈਥਾਨੌਲ ਨੂੰ ਮਿਲਾਉਣ ਦਾ ਕੰਮ ਵੀ ਜਲਦੀ ਸ਼ੁਰੂ ਕਰਨ ਜਾ ਰਹੀ ਹੈ।