ਨਸਬੰਦੀ ਤੋਂ ਬਾਅਦ ਔਰਤਾਂ ਦੀ ਮੌਤ ਦੇ ਮਾਮਲੇ `ਚ ਡਾਕਟਰ ਨੂੰ ਕੈਦ ਬਿਲਾਸਪੁਰ, 19 ਮਾਰਚ 2026 : ਭਾਰਤ ਦੇਸ਼ ਦੇ ਸੂਬੇ ਛੱਤੀਸਗੜ੍ਹ ਦੇ ਜਿ਼ਲਾ ਤਖਤਪੁਰ ਵਿਖੇ ਇਕ ਨਸਬੰਦੀ ਕੈਂਪ ਵਿਚ ਔਰਤਾਂ ਦੀ ਮੌਤ ਦੇ ਮਾਮਲੇ ਵਿਚ ਡਾਕਟਰ ਨੂੰ ਸਜ਼਼ਾ ਸੁਣਾਏ ਜਾਣ ਦਾ ਪਤਾ ਚੱਲਿਆ ਹੈ। ਕਿੰਨੀ ਸੁਣਾਈ ਗਈ ਹੈ ਡਾਕਟਰ ਨੂੰ ਸਜ਼ਾ ਛੱਤੀਸਗੜ੍ਹ ਬਿਲਾਸਪੁਰ ਦੀ ਇਕ ਅਦਾਲਤ ਨੇ 2014 `ਚ ਨਸਬੰਦੀ ਸਰਜਰੀ ਤੋਂ ਬਾਅਦ 12 ਔਰਤਾਂ ਦੀ ਮੌਤ ਦੇ ਮਾਮਲੇ `ਚ ਇਕ ਡਾਕਟਰ ਨੂੰ ਦੋ ਸਾਲ ਦੀ ਸਜ਼ਾ ਸੁਣਾਈ ਹੈ। ਵਧੀਕ ਸਰਕਾਰੀ ਵਕੀਲ ਦੇਵੇਂਦਰ ਰਾਓ ਨੇ ਦੱਸਿਆ ਕਿ ਪਹਿਲੇ ਵਧੀਕ ਸੈਸ਼ਨ ਜੱਜ ਸ਼ੈਲੇਸ਼ ਕੁਮਾਰ ਕੇਤਾਰਪ ਦੀ ਅਦਾਲਤ ਨੇ ਮੰਗਲਵਾਰ ਨੂੰ ਡਾਕਟਰ ਆਰ. ਕੇ. ਗੁਪਤਾ ਨੂੰ ਗ਼ੈਰ-ਇਰਾਦਤਨ ਕਤਲ ਦਾ ਦੋਸ਼ੀ ਠਹਿਰਾਉਂਦੇ ਹੋਏ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ । ਸਜ਼ਾ ਦੇ ਨਾਲ-ਨਾਲ ਪ੍ਰਤੀ ਔਰਤ ਕਿੰਨਾ ਲਗਾਇਆ ਗਿਆ ਹੈ ਜੁਰਮਾਨਾ ਵਕੀਲ ਨੇ ਦੱਸਿਆ ਕਿ ਅਦਾਲਤ ਨੇ ਹਰੇਕ ਔਰਤ ਦੀ ਮੌਤ ਲਈ 25-25 ਹਜ਼ਾਰ ਰੁਪਇਆ ਜੁਰਮਾਨਾ ਵੀ ਲਗਾਇਆ ਹੈ । ਉਨ੍ਹਾਂ ਕਿਹਾ ਕਿ ਨਾਲ ਹੀ, ਡਾਕਟਰ ਗੁਪਤਾ ਨੂੰ ਹੋਰ ਦੋਸ਼ਾਂ ਹੇਠ ਵੀ ਸਜ਼ਾ ਸੁਣਾਈ ਗਈ ਹੈ, ਜਿਸ ਵਿਚ ਇਕ ਧਾਰਾ ਤਹਿਤ 6 ਮਹੀਨੇ ਦੀ ਸਜ਼ਾ ਤੇ 500 ਰੁਪਏ ਜੁਰਮਾਨਾ ਅਤੇ ਦੂਜੀ ਧਾਰਾ ਤਹਿਤ ਇਕ ਮਹੀਨੇ ਦੀ ਸਜ਼ਾ ਤੇ 100 ਰੁਪਏ ਜੁਰਮਾਨਾ ਸ਼ਾਮਲ ਹੈ । ਕੈਂਪ ਵਿਚ ਨੇੜੇ ਤੇੜੇ ਦੇ ਪਿੰਡਾਂ ਤੋਂ ਕਿੰਨੀਆਂ ਔਰਤਾਂ ਲਿਆਂਦੀਆਂ ਗਈਆਂ ਸਨ ਸਾਰੀਆਂ ਸਜ਼ਾਵਾਂ ਇੱਕਠੀਆਂ ਚੱਲਣਗੀਆਂ। ਮਾਮਲਾ 8 ਨਵੰਬਰ 2014 ਨੂੰ ਬਿਲਾਸਪੁਰ ਜਿ਼ਲਾ ਦੇ ਤਖਤਪੁਰ ਬਲਾਕ `ਚ ਸਕਰੀ ਪਿੰਡ ਨੇੜੇ ਪੇਂਡਾਰੀ ਸਥਿਤ ਇਕ ਨਿੱਜੀ ਹਸਪਤਾਲ `ਚ ਲਾਏ ਗਏ ਨਸਬੰਦੀ ਕੈਂਪ ਨਾਲ ਸਬੰਧਤ ਹੈ, ਜਿਸ `ਚ ਨੇੜੇ-ਤੇੜੇ ਦੇ ਪੇਂਡੂ ਇਲਾਕਿਆਂ ਤੋਂ 83 ਔਰਤਾਂ ਨੂੰ ਨਸਬੰਦੀ ਦੀ ਸਰਜਰੀ ਲਈ ਲਿਆਂਦਾ ਗਿਆ ਸੀ ।
