ਯੂਕ੍ਰੇਨ ਜੰਗ ਨੂੰ ਖਤਮ ਕਰਨਾ ਮੁਸ਼ਕਿਲ ਕੰਮ : ਪੁਤਿਨ ਮਾਸਕੋ, 5 ਦਸੰਬਰ 2025 : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਖਿਆ ਹੈ ਕਿ ਯੂਕ੍ਰੇਨ `ਚ ਜੰਗ ਖਤਮ ਕਰਨ ਲਈ ਅਮਰੀਕੀ ਪ੍ਰਤੀਨਿਧੀਆਂ ਨਾਲ ਉਨ੍ਹਾਂ ਦੀ 5 ਘੰਟੇ ਲੰਬੀ ਗੱਲਬਾਤ `ਜ਼ਰੂਰੀ` ਅਤੇ `ਲਾਭਦਾਇਕ` ਰਹੀ ਪਰ ਇਹ `ਬਹੁਤ ਮੁਸ਼ਕਿਲ ਕੰਮ` ਵੀ ਹੈ ਕਿਉਂਕਿ ਕੁਝ ਅਮਰੀਕੀ ਪ੍ਰਸਤਾਵ ਕ੍ਰੇਮਲਿਨ ਲਈ ਪੂਰੀ ਤਰ੍ਹਾਂ ਨਾ-ਮੰਨਣਯੋਗ ਸਨ। ਪੁਤਿਨ ਨੇ ਇਹ ਗੱਲ ਵੀਰਵਾਰ ਨੂੰ ਨਵੀਂ ਦਿੱਲੀ ਯਾਤਰਾ ਤੋਂ ਠੀਕ ਪਹਿਲਾਂ ਇੰਡੀਆ ਟੂਡੇ ਟੀ. ਵੀ. ਚੈਨਲ ਨੂੰ ਦਿੱਤੀ ਇੰਟਰਵਿਊ `ਚ ਕਹੀ । ਪੂਰੀ ਇੰਟਰਵਿਊ ਅਜੇ ਪ੍ਰਸਾਰਿਤ ਨਹੀਂ ਹੋਈ ਹੈ ਪਰ ਰੂਸੀ ਸਰਕਾਰੀ ਸਮਾਚਾਰ ਏਜੰਸੀਆਂ ਟੀ. ਏ. ਐੱਸ. ਐੱਸ. ਅਤੇ ਆਰ. ਆਈ. ਏ. ਨੋਵੋਸਤੀ ਨੇ ਉਨ੍ਹਾਂ ਦੇ ਕੁਝ ਬਿਆਨਾਂ ਨੂੰ `ਕੋਟ` ਕੀਤਾ ਹੈ। ਕੁਝ ਪ੍ਰਸਤਾਵਾਂ `ਤੇ ਮਾਸਕੋ ਚਰਚਾ ਲਈ ਤਿਆਰ ਹੈ ਪੁਤਿਨ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਅੱਜ ਹੀ (ਵੀਰਵਾਰ) ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕਾਫ ਅਤੇ ਉਨ੍ਹਾਂ ਦੇ ਜਵਾਈ ਜੇਰੇਡ ਕੁਸ਼ਨਰ ਮਿਆਮੀ `ਚ ਯੂਕੇਨ ਦੇ ਮੁੱਖ ਬੁਲਾਰੇ ਰੁਸਤਮ ਉਮਰੋਵ ਨਾਲ ਅਗਲੇ ਦੌਰ ਦੀ ਗੱਲਬਾਤ ਕਰਨ ਵਾਲੇ ਹਨ । ਟੀ. ਏ. ਐੱਸ. ਐੱਸ. ਅਨੁਸਾਰ ਪੁਤਿਨ ਨੇ ਕਿਹਾ ਕਿ ਕ੍ਰੇਮਲਿਨ `ਚ ਹੋਈ ਗੱਲਬਾਤ `ਚ ਅਮਰੀਕੀ ਸ਼ਾਂਤੀ ਪ੍ਰਸਤਾਵ ਦੇ ਹਰ ਪਹਿਲੂ `ਤੇ ਵਿਸਥਾਰ ਨਾਲ ਚਰਚਾ ਕਰਨੀ ਪਈ, ਇਸ ਲਈ ਇੰਨਾ ਸਮਾਂ ਲੱਗਾ। ਉਨ੍ਹਾਂ ਨੇ ਇਸ ਨੂੰ ਜ਼ਰੂਰੀ ਅਤੇ ਬਹੁਤ ਠੋਸ ਗੱਲਬਾਤ ਦੱਸਿਆ । ਪੁਤਿਨ ਨੇ ਕਿਹਾ ਕਿ ਕੁਝ ਪ੍ਰਸਤਾਵਾਂ `ਤੇ ਮਾਸਕੋ ਚਰਚਾ ਲਈ ਤਿਆਰ ਹੈ ਪਰ ਕਈ ਵਿਵਸਥਾਵਾਂ ਅਜਿਹੀਆਂ ਹਨ, ਜਿਨ੍ਹਾਂ ਨਾਲ ਅਸੀਂ ਕਿਸੇ ਵੀ ਹਾਲ `ਚ ਸਹਿਮਤ ਨਹੀਂ ਹੋ ਸਕਦੇ। ਇਹ ਬੇਹੱਦ ਔਖਾ ਕੰਮ ਹੈ। ਟਰੰਪ ਮੁਤਾਬਕ ਪੁਤਿਨ ਇਕ ਸਮਝੌਤੇ ਲਈ ਹਨ ਤਿਆਰ ਦੱਸਣਯੋਗ ਹੈ ਕਿ ਇਹ ਉੱਚ ਪੱਧਰੀ ਗੱਲਬਾਤ ਲੱਗਭਗ 4 ਸਾਲ ਤੋਂ ਚੱਲ ਰਹੀ ਯੂਕ੍ਰੇਨ ਜੰਗ ਨੂੰ ਖਤਮ ਕਰਨ ਦੀਆਂ ਟਰੰਪ ਦੀਆਂ ਨਵੀਆਂ ਕੋਸਿ਼ਸ਼ਾਂ ਦਾ ਹਿੱਸਾ ਹਨ । ਹਾਲ ਦੇ ਦਿਨਾਂ `ਚ ਸ਼ਾਂਤੀ ਕੋਸਿ਼ਸ਼ਾਂ ਨੇ ਰਫਤਾਰ ਫੜੀ ਹੈ, ਹਾਲਾਂਕਿ ਰੂਸ ਅਤੇ ਯੂਕ੍ਰੇਨ ਦੋਵਾਂ ਦੀ `ਲਾਲ ਲਕੀਰਾਂ ਨੂੰ ਪਾਰ ਕਰਨਾ ਅਜੇ ਵੀ ਬਹੁਤ ਮੁਸ਼ਕਿਲ ਚੁਣੌਤੀ ਲੱਗ ਰਹੀ ਹੈ। ਟਰੰਪ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਵਿਟਕਾਫ ਅਤੇ ਕੁਸ਼ਨਰ ਕ੍ਰੇਮਲਿਨ `ਚ ਪੁਤਿਨ ਨਾਲ ਆਪਣੀ ਮੈਰਾਥਨ ਮੀਟਿੰਗ ਨਾਲ ਇਸ ਮਜ਼ਬੂਤ ਵਿਸ਼ਵਾਸ ਨਾਲ ਪਰਤੇ ਹਨ ਕਿ ਪੁਤਿਨ ਜੰਗ ਖਤਮ ਕਰਨਾ ਚਾਹੁੰਦੇ ਹਨ। ਟਰੰਪ ਮੁਤਾਬਕ ਪੁਤਿਨ ਇਕ ਸਮਝੌਤੇ ਲਈ ਤਿਆਰ ਹਨ।
