ਜ਼ਿਲ੍ਹਾ ਪੁਲਿਸ ਪ੍ਰਸਾਸਨ ਵੱਲੋਂ ਨਸ਼ਾ ਤਸਕਰਾਂ ਦੀ ਨਾਜਾਇਜ਼ ਉਸਾਰੀਆਂ ਕੀਤੀਆਂ ਨਸ਼ਟ
- by Jasbeer Singh
- January 7, 2026
ਜ਼ਿਲ੍ਹਾ ਪੁਲਿਸ ਪ੍ਰਸਾਸਨ ਵੱਲੋਂ ਨਸ਼ਾ ਤਸਕਰਾਂ ਦੀ ਨਾਜਾਇਜ਼ ਉਸਾਰੀਆਂ ਕੀਤੀਆਂ ਨਸ਼ਟ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ: ਕਪਤਾਨ ਪੁਲਿਸ (ਸਥਾਨਕ) ਹੈਲਪਲਾਈਨ ਨੰਬਰ 97791-00200 ਤੇ ਦਿੱਤੀ ਜਾਵੇ ਨਸ਼ਾ ਤਸਕਰੀ ਬਾਰੇ ਸੂਚਨਾ ਮਾਲੇਰਕੋਟਲਾ, 07 ਜਨਵਰੀ 2026 : ਕਪਤਾਨ ਪੁਲਿਸ (ਸਥਾਨਕ) ਗੁਰਸ਼ਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ “ਯੁੱਧ ਨਸ਼ਿਆਂ ਵਿਰੁੱਧ” ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੇ ਤਹਿਤ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੁਆਰਾ ਨਸ਼ੇ ਦੀ ਵਿਕਰੀ ਕਰਕੇ ਬਣਾਈ ਗਈ ਨਾਜਾਇਜ਼ ਪ੍ਰਾਪਰਟੀ ਨੂੰ ਨਸ਼ਟ ਕਰਨ ਲਈ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ । ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਸਿਵਲ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਸਹਿਯੋਗ ਨਾਲ ਸਮਸ਼ਾਦ ਪੁੱਤਰ ਸੁਲੇਮਾਨ ਅਤੇ ਮੁਹੰਮਦ ਮੁਨੀਰ ਪੁੱਤਰ ਸਲਾਮਦੀਨ, ਵਾਸੀ ਕਿਲ੍ਹਾ ਰਹਿਮਤਗੜ੍ਹ ਵੱਲੋਂ ਸਰਕਾਰੀ ਜਗ੍ਹਾ ’ਤੇ ਕਬਜ਼ਾ ਕਰਕੇ ਬਣਾਈ ਗਈ ਨਾਜਾਇਜ਼ ਪ੍ਰਾਪਰਟੀ ਨੂੰ ਧਵੰਸ ਕੀਤਾ ਗਿਆ। ਪੁਲਿਸ ਰਿਕਾਰਡ ਅਨੁਸਾਰ ਮੁਜਰਿਮ ਸਮਸ਼ਾਦ ਖ਼ਿਲਾਫ਼ 06 ਮੁਕੱਦਮੇ ਦਰਜ ਹਨ, ਜਦਕਿ ਮੁਹੰਮਦ ਮੁਨੀਰ ਖ਼ਿਲਾਫ਼ 01 ਮੁਕੱਦਮਾ ਦਰਜ ਹੈ । ਕਪਤਾਨ ਪੁਲਿਸ (ਸਥਾਨਕ) ਨੇ ਸਪਸ਼ਟ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਅਧੀਨ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਭਵਿੱਖ ਵਿੱਚ ਵੀ ਅਜਿਹੀ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਆਮ ਪਬਲਿਕ ਨੂੰ ਭਰੋਸਾ ਦਿਵਾਇਆ ਕਿ ਨਸ਼ਾ ਤਸਕਰਾਂ ਖ਼ਿਲਾਫ਼ ਠੋਸ ਅਤੇ ਨਿਰੰਤਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਪ੍ਰਸ਼ਾਸਨ ਨੂੰ ਹਰ ਪੱਖੋਂ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਆਮ ਜਨਤਾ ਨੂੰ ਸੁਚੇਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਹੈਲਪਲਾਈਨ “ਸੇਫ ਪੰਜਾਬ” ਨੰਬਰ 97791-00200 ’ਤੇ ਨਸ਼ਾ ਤਸਕਰਾਂ ਸਬੰਧੀ ਕੋਈ ਵੀ ਜਾਣਕਾਰੀ ਤੁਰੰਤ ਸਾਂਝੀ ਕੀਤੀ ਜਾਵੇ, ਤਾਂ ਜੋ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਡੀ. ਐਸ. ਪੀ. ਮਾਨਵਜੀਤ ਸਿੰਘ, ਥਾਣਾ ਮੁਖੀ ਬਲਜੀਤ ਸਿੰਘ, ਟਰੈਫਿਕ ਇੰਚਾਰਜ ਗੁਰਮੁੱਖ ਸਿੰਘ ਅਤੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਹਾਜਰ ਸੀ ।
