
ਹਿਮਾਚਲ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਜਸਟਿਸ ਸੰਧਾਵਾਲੀਆ ਨੇ ਚੁੱਕੀ ਸਹੁੰ
- by Jasbeer Singh
- December 30, 2024

ਹਿਮਾਚਲ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਜਸਟਿਸ ਸੰਧਾਵਾਲੀਆ ਨੇ ਚੁੱਕੀ ਸਹੁੰ ਸ਼ਿਮਲਾ : ਭਾਰਤ ਦੇਸ਼ ਦੇ ਸੈਰ ਸਪਾਟਾ ਦੇ ਕੇਂਦਰ ਬਿੰਦੂ ਵਜੋਂ ਜਾਣੇ ਜਾਂਦੇ ਹਿਮਾਚਲ ਵਿਚ ਪੈਂਦੇ ਸ਼ਹਿਰ ਸਿ਼ਮਲਾ ਵਿਖੇ ਬਣੇ ਰਾਜ ਭਵਨ ਵਿਚ ਜਸਟਿਸ ਗੁਰਮੀਤ ਸਿੰਘ ਸੰਧਾਵਾਲੀਆ ਨੇ ਆਯੋਜਿਤ ਸਮਾਗਮ ਦੌਰਾਨ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਨਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ । ਰਾਜਪਾਲ ਸਿ਼ਵ ਪ੍ਰਤਾਪ ਸ਼ੁਕਲਾ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਸਮਾਗਮ ਵਿੱਚ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਵੀ ਹਾਜ਼ਰ ਸਨ।ਸਹੁੰ ਚੁੱਕਣ ਤੋਂ ਬਾਅਦ ਜਸਟਿਸ ਸੰਧਾਵਾਲੀਆ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਉਨ੍ਹਾਂ ਲਈ ਆਪਣੇ ਘਰ ਵਾਂਗ ਹੈ । ਉਨ੍ਹਾਂ ਕਿਹਾ ਕਿ ‘ਹਿਮਾਚਲ ਪ੍ਰਦੇਸ਼ ਮੁਕਾਬਲਤਨ ਛੋਟਾ ਰਾਜ ਹੈ, ਜਿਸ ਵਿੱਚ ਅਪਰਾਧਿਕ ਕੇਸ ਘੱਟ ਅਤੇ ਸੇਵਾਵਾਂ ਤੇ ਸਿਵਲ ਮਾਮਲਿਆਂ ਨਾਲ ਸਬੰਧਤ ਕੇਸ ਜ਼ਿਆਦਾ ਹਨ। ਮੈਂ ਇਨ੍ਹਾਂ ਕੇਸਾਂ ਦਾ ਜਲਦੀ ਨਿਬੇੜਾ ਕਰਨ ਲਈ ਕੰਮ ਕਰਾਂਗਾ।’ ਨਵੇਂ ਚੀਫ਼ ਜਸਟਿਸ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਉਨ੍ਹਾਂ ਦੇ ਤਜਰਬੇ ਨਾਲ ਹਿਮਾਚਲ ਪ੍ਰਦੇਸ਼ ਨੂੰ ਬਹੁਤ ਲਾਭ ਹੋਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਜਸਟਿਸ ਸੰਧਾਵਾਲੀਆ ਦੀ ਨਿਆਂਇਕ ਸੂਝ-ਬੂਝ ਸੂਬੇ ਵਿੱਚ ਨਿਆਂ ਦਾ ਸਿਧਾਂਤ ਬਰਕਰਾਰ ਰੱਖਣ ਵਿੱਚ ਅਹਿਮ ਯੋਗਦਾਨ ਪਾਵੇਗੀ।ਜਿ਼ਕਰਯੋਗ ਹੈ ਕਿ ਪਹਿਲੀ ਨਵੰਬਰ 1965 ਨੂੰ ਜਨਮੇ ਜਸਟਿਸ ਸੰਧਾਵਾਲੀਆ ਨੇ 1986 ਵਿੱਚ ਚੰਡੀਗੜ੍ਹ ਦੇ ਡੀ. ਏ. ਵੀ. ਕਾਲਜ ਤੋਂ ਬੀ. ਏ. (ਆਨਰਜ਼) ਅਤੇ 1989 ਵਿਚ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਤੋਂ ਐੱਲ. ਐੱਲ. ਬੀ. ਕੀਤੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਵਕੀਲ ਬਣੇ। 4 ਫਰਵਰੀ 2024 ਨੂੰ ਉਨ੍ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਵਜੋਂ ਅਹੁਦਾ ਸੰਭਾਲਿਆ ਸੀ ।