ਲਲਿਤ ਮੋਦੀ ਨੇ `ਸਭ ਤੋਂ ਵੱਡੇ ਭਗੌੜੇ’ ਵਾਲੀ ਟਿੱਪਣੀ ਲਈ ਮੰਗੀ ਮੁਆਫ਼ੀ
- by Jasbeer Singh
- December 30, 2025
ਲਲਿਤ ਮੋਦੀ ਨੇ `ਸਭ ਤੋਂ ਵੱਡੇ ਭਗੌੜੇ’ ਵਾਲੀ ਟਿੱਪਣੀ ਲਈ ਮੰਗੀ ਮੁਆਫ਼ੀ ਲੰਡਨ, 30 ਦਸੰਬਰ 2025 : ਵਿੱਤੀ ਧੋਖਾਦੇਹੀ ਦੇ ਦੋਸ਼ ਵਿਚ ਭਾਰਤ `ਚ ਲੋੜੀਂਦੇ ਆਈ. ਪੀ. ਐੱਲ. ਦੇ ਸੰਸਥਾਪਕ ਲਲਿਤ ਮੋਦੀ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ `ਤੇ ਪੋਸਟ ਕੀਤੀ ਇਕ ਵੀਡੀਓ ਵਿਚ ਖੁਦ ਨੂੰ ਅਤੇ ਵਿਜੇ ਮਾਲਿਆ ਨੂੰ ਭਾਰਤ ਦੇ `ਦੋ ਸਭ ਤੋਂ ਵੱਡੇ ਭਗੌੜੇ ਕਹਿਣ ਲਈ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਸ ਦੇ ਬਿਆਨ ਨੂੰ ਗਲਤ ਸਮਝਿਆ ਗਿਆ ਹੈ। ਕਿਥੇ ਕਹੀ ਸੀ ਲਲਿਤ ਮੋਦੀ ਨੇ ਭਗੌੜੇ ਵਾਲੀ ਗੱਲ ਲੰਡਨ ਵਿਚ ਮਾਲਿਆ ਦੇ 70ਵੇਂ ਜਨਮ ਦਿਨ ਦੇ ਜਸ਼ਨ ਦੀ ਇਕ ਵੀਡੀਓ, ਜਿਸ ਨੂੰ ਹੁਣ ਸੋਸ਼ਲ ਮੀਡੀਆ `ਤੋਂ ਹਟਾ ਦਿੱਤਾ ਗਿਆ ਹੈ, ਵਿਚ ਲਲਿਤ ਮੋਦੀ ਨੇ ਮਜ਼ਾਕ `ਚ ਦੋਵਾਂ ਨੂੰ ਭਾਰਤ ਦੇ `ਦੋ ਸਭ ਤੋਂ ਵੱਡੇ ਭਗੌੜੇ ਕਿਹਾ ਸੀ। `ਐਕਸ` `ਤੇ ਇਕ ਪੋਸਟ `ਚ ਲਲਿਤ ਮੋਦੀ ਨੇ ਕਿਹਾ ਕਿ ਜੇਕਰ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਖਾਸ ਕਰ ਕੇ ਭਾਰਤ ਸਰਕਾਰ ਦੀਆਂ, ਜਿਸ ਪ੍ਰਤੀ ਮੇਰੇ ਮਨ ਵਿਚ ਸਭ ਤੋਂ ਵੱਧ ਸਤਿਕਾਰ ਅਤੇ ਆਦਰ ਹੈ, ਤਾਂ ਮੈਂ ਮੁਆਫ਼ੀ ਮੰਗਦਾ ਹਾਂ।`
