post

Jasbeer Singh

(Chief Editor)

Patiala News

'ਭਾਰਤੀ ਸੈਨਾਵਾਂ ਨੂੰ ਪੰਜਾਬ ਦੀ ਦੇਣ' ਵਿਸ਼ੇ 'ਤੇ ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਭਾਸ਼ਣ

post-img

'ਭਾਰਤੀ ਸੈਨਾਵਾਂ ਨੂੰ ਪੰਜਾਬ ਦੀ ਦੇਣ' ਵਿਸ਼ੇ 'ਤੇ ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਭਾਸ਼ਣ ਕੁਰਬਾਨੀ ਦੇਣ ਅਤੇ ਬਹਾਦਰੀ ਵਿੱਚ ਪੰਜਾਬ ਸੂਬਾ ਭਾਰਤੀ ਸੈਨਾਵਾਂ ਵਿੱਚ ਪਹਿਲੇ ਨੰਬਰ 'ਤੇ ਹੈ: ਡਾ.ਜਗਬੀਰ ਸਿੰਘ ਚੀਮਾ ਪਟਿਆਲਾ, 24 ਅਪ੍ਰੈਲ : ਪੰਜਾਬੀ ਯੂਨੀਵਰਸਿਟੀ ਦੇ ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ 'ਸ਼ਹੀਦ ਕਰਨਲ ਹਰਪ੍ਰਤਾਪ ਸਿੰਘ ਢਿੱਲੋਂ ਯਾਦਗਾਰੀ ਭਾਸ਼ਣ' ਕਰਵਾਇਆ ਗਿਆ। 'ਭਾਰਤੀ ਸੈਨਾਵਾਂ ਨੂੰ ਪੰਜਾਬ ਦੀ ਦੇਣ ਵਿਸ਼ੇ' ਉੱਤੇ ਇਹ ਭਾਸ਼ਣ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ, ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਜਗਬੀਰ ਸਿੰਘ ਚੀਮਾ ਵੱਲੋਂ ਦਿੱਤਾ ਗਿਆ। ਡਾ. ਜਗਬੀਰ ਸਿੰਘ ਚੀਮਾ ਨੇ ਆਪਣੇ ਭਾਸ਼ਣ ਵਿੱਚ ਭਾਰਤੀ ਫੌਜ ਅਤੇ ਉਸ ਨਾਲ ਪੰਜਾਬ ਦੇ ਸੰਬੰਧਾਂ ਬਾਰੇ ਬਹੁਤ ਸਾਰੇ ਪੱਖਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਫੌਜ ਨਾਲ਼ ਸਬੰਧਤ ਵਿਰਸਾ ਬਹੁਤ ਹੀ ਮਾਣਯੋਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਬਾਦੀ ਭਾਰਤ ਦੀ ਆਬਾਦੀ ਦਾ ਸਿਰਫ਼ ਦੋ ਪ੍ਰਤੀਸ਼ਤ ਹੈ ਜਦੋਂ ਕਿ ਪੰਜਾਬੀਆਂ ਦੀ ਸੈਨਾਵਾਂ ਵਿੱਚ ਭਾਗੀਦਾਰੀ 7 ਪ੍ਰਤੀਸ਼ਤ ਤੱਕ ਹੁੰਦੀ ਹੈ। ਇਸ ਤੋਂ ਵੀ ਵੱਡੀ ਗੱਲ ਇਹ ਕਿ ਫੌਜ ਵਿੱਚ ਬਹਾਦਰੀ ਦੇ ਮਿਲਣ ਵਾਲੇ ਸਨਮਾਨ ਪੰਜਾਬੀਆਂ ਨੂੰ ਤਕਰੀਬਨ 17 ਪ੍ਰਤੀਸ਼ਤ ਤੱਕ ਮਿਲੇ ਹਨ। ਪੰਜਾਬ ਵਿੱਚੋਂ ਹੋਏ ਫੌਜ ਦੇ ਸ਼ਹੀਦਾਂ ਦੀ ਕੁਰਬਾਨੀ ਦਾ ਇਥੋਂ ਵੀ ਪਤਾ ਲੱਗਦਾ ਹੈ ਕਿ ਭਾਰਤ ਦੇ ਹੋਰ ਕਿਸੇ ਵੀ ਸੂਬੇ ਨਾਲੋਂ ਜਿਆਦਾ ਸ਼ਹੀਦਾਂ ਦੀਆਂ ਵਿਧਵਾਵਾਂ ਪੰਜਾਬ ਵਿੱਚ ਹਨ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਜਿੰਨਾ ਭਾਰਤੀ ਫੌਜ ਵਿੱਚ ਪੰਜਾਬੀਆਂ ਲਈ ਭਰਤੀ ਦਾ ਕੋਟਾ ਰੱਖਿਆ ਜਾਂਦਾ ਹੈ ਉਸ ਦੀ ਪੂਰਨ ਭਰਪਾਈ ਵੀ ਪੰਜਾਬ ਵਿੱਚੋਂ ਨਹੀਂ ਹੋ ਰਹੀ ਹੈ। ਪੰਜਾਬ ਵਿੱਚ ਨਸ਼ਿਆਂ ਦੇ ਹਾਲਾਤ ਜਾਂ ਪੰਜਾਬੀ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੁਝਾਨ ਇਸ ਦੇ ਮੁੱਖ ਕਾਰਨਾਂ ਵਜੋਂ ਵੇਖੇ ਜਾ ਰਹੇ ਹਨ। ਨਾਲ਼ ਹੀ ਉਨ੍ਹਾਂ ਕਿਹਾ ਕਿ ਇਸ ਵਾਰ ਐੱਨ.ਡੀ.ਏ ਵਿੱਚ ਪੰਜਾਬੀ ਨੌਜਵਾਨਾਂ ਦੀ ਗਿਣਤੀ ਦਾ ਵਧਣਾ ਇੱਕ ਵਾਰ ਫਿਰ ਪੰਜਾਬ ਨੂੰ ਭਾਰਤੀ ਫੌਜ ਵਿੱਚ ਅੱਗੇ ਲਿਜਾਣ ਵਿੱਚ ਸਹਾਇਤਾ ਕਰੇਗਾ। ਡੀਨ ਸੋਸ਼ਲ ਸਾਇੰਸ ਡਾ. ਧਰਮਪਾਲ ਸਿੰਘ ਵੱਲੋਂ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਜਿੱਥੇ ਸੈਨਿਕ ਸਕੂਲ ਵਿੱਚ ਉਹਨਾਂ ਦੇ ਨਾਲ ਪੜ੍ਹੇ ਹੋਏ ਵਿਅਕਤੀਆਂ ਦਾ ਜ਼ਿਕਰ ਕੀਤਾ ਉੱਥੇ ਹੀ ਉਨ੍ਹਾਂ ਕਿਹਾ ਕਿ ਸਾਡੇ ਮੁਲਕ ਦੀ ਸੁਰੱਖਿਆ ਲਈ ਅਤੇ ਸਾਡੀ ਅਮਨ ਸ਼ਾਂਤੀ ਲਈ ਫੌਜੀਆਂ ਵੱਲੋਂ ਕੀਤੀਆਂ ਜਾਂਦੀਆਂ ਕੁਰਬਾਨੀਆਂ ਤੇ ਸਮੁੱਚੇ ਸਮਾਜ ਨੂੰ ਵੱਡੇ ਪੱਧਰ ਤੇ ਮਾਣ ਹੈ। ਸਿੱਖ ਵਿਸ਼ਵਕੋਸ਼ ਵਿਭਾਗ ਦੇ ਮੁਖੀ ਡਾ. ਜਸਪ੍ਰੀਤ ਕੌਰ ਸੰਧੂ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਮਹਿਮਾਨਾਂ ਵਿੱਚ ਸ਼ਹੀਦ ਕਰਨਲ ਹਰਪ੍ਰਤਾਪ ਸਿੰਘ ਢਿੱਲੋਂ ਦੇ ਪਰਿਵਾਰ ਵਿੱਚੋਂ ਉਹਨਾਂ ਦੇ ਦੋ ਭਰਾ ਵੀ ਸ਼ਾਮਿਲ ਸਨ। ਸਿੱਖ ਵਿਸ਼ਵਕੋਸ਼ ਵਿਭਾਗ ਵੱਲੋਂ ਡਾ. ਜਸਪ੍ਰੀਤ ਕੌਰ ਸੰਧੂ ਨੇ ਆਏ ਹੋਏ ਮਹਿਮਾਨ ਦਾ ਸਨਮਾਨ ਕੀਤਾ ਅਤੇ ਇੱਕ ਨਵੀਂ ਪਰੰਪਰਾ ਵਜੋਂ ਆਪਣੇ ਵਿਭਾਗ ਦੇ ਕਰਮਚਾਰੀਆਂ ਨੂੰ ਵੀ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਡਾ. ਪਰਮਵੀਰ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਮੁੱਚੇ ਸਮਾਗਮ ਬਾਰੇ ਆਪਣੇ ਵੱਲੋਂ ਟਿੱਪਣੀਆਂ ਵੀ ਕੀਤੀਆਂ। ਇਸ ਸਮਾਗਮ ਵਿੱਚ ਕੈਪਟਨ ਕੇਸਰ ਸਿੰਘ, ਡਾਕਟਰ ਰਣਵਿੰਦਰ ਸਿੰਘ ਸੰਧੂ, ਡਾਕਟਰ ਕਮਲ ਕਿੰਗਰ, ਡਾਕਟਰ ਹਰੀਸ਼ ਕੁਮਾਰ, ਡਾਕਟਰ ਸਤਿਨਾਮ ਸਿੰਘ ਸੰਧੂ ਅਤੇ ਹੋਰ ਬਹੁਤ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਫੌਜ ਦੇ ਬਹੁਤ ਸਾਰੇ ਸੇਵਾ ਮੁਕਤ ਅਫਸਰ, ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਫੈਕਲਟੀ ਮੈਂਬਰ ਅਤੇ ਵਿਦਿਆਰਥੀਆਂ ਨੇ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲਿਆ।

Related Post

Instagram