July 6, 2024 02:02:55
post

Jasbeer Singh

(Chief Editor)

Sports

ਮਾਂਡਵੀਆ ਵੱਲੋਂ ਆਈਓਏ ਪ੍ਰਧਾਨ ਪੀਟੀ ਊਸ਼ਾ ਨਾਲ ਮੁਲਾਕਾਤ

post-img

ਖੇਡ ਮੰਤਰੀ ਮਨਸੁਖ ਮਾਂਡੀਆ ਨੇ ਅਹੁਦਾ ਸੰਭਾਲਣ ਦੇ ਇੱਕ ਦਿਨ ਮਗਰੋਂ ਅੱਜ ਇੱਥੇ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਪ੍ਰਧਾਨ ਪੀਟੀ ਊਸ਼ਾ ਨਾਲ ਮੀਟਿੰਗ ਕਰਕੇ ਇਸ ਸਾਲ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਭਾਰਤ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਅਨੁਰਾਗ ਠਾਕੁਰ ਦੀ ਜਗ੍ਹਾ ਖੇਡ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਮਾਂਡਵੀਆ ਨੇ ਓਲੰਪਿਕ ਭਵਨ ਵਿੱਚ ਊਸ਼ਾ ਸਣੇ ਆਈਓਏ ਦੇ ਸਿਖਰਲੇ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ। ਇੱਕ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਮੀਟਿੰਗ ਵਿੱਚ ਖੇਡ ਰਾਜ ਮੰਤਰੀ ਰਕਸ਼ਾ ਖੜਸੇ, ਖੇਡ ਸਕੱਤਰ ਸੁਜਾਤਾ ਚਤੁਰਵੇਦੀ, ਭਾਰਤੀ ਖੇਡ ਅਥਾਰਿਟੀ ਦੇ ਡਾਇਰੈਕਟਰ ਸੰਦੀਪ ਪ੍ਰਧਾਨ ਸਣੇ ਹੋਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਇਸ ਦੌਰਾਨ ਮਾਂਡਵੀਆ ਨੂੰ ਪੈਰਿਸ ਓਲੰਪਿਕ ਖੇਡਾਂ ਲਈ ਭਾਰਤ ਦੀਆਂ ਤਿਆਰੀਆਂ ਬਾਰੇ ਦੱਸਿਆ ਗਿਆ। ਮਾਂਡਵੀਆ ਨੇ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅੱਜ ਮੈਂ ਪਹਿਲੀ ਵਾਰ ਆਈਓਏ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਮੈਨੂੰ ਪੈਰਿਸ ਓਲੰਪਿਕ ਖੇਡਾਂ ਦੀਆਂ ਤਿਆਰੀਆਂ ਦੀ ਜਾਣਕਾਰੀ ਦਿੱਤੀ। ਸਰਕਾਰ ਹਰ ਸੰਭਵ ਸਹਿਯੋਗ ਦੇਣ ਲਈ ਵਚਨਬੱਧ ਹੈ।’’ ਆਈਓਏ ਪ੍ਰਧਾਨ ਊਸ਼ਾ ਇਸ ਮੀਟਿੰਗ ਤੋਂ ਸੰਤੁਸ਼ਟ ਨਜ਼ਰ ਆਈ। ਉਨ੍ਹਾਂ ਕਿਹਾ ਕਿ ਮੰਤਰੀ ਨਾਲ ਗੱਲਬਾਤ ਪੈਰਿਸ ਜਾਣ ਵਾਲੇ ਖਿਡਾਰੀਆਂ ਲਈ ਚੰਗੇ ਸੰਕੇਤ ਹਨ। ਉਨ੍ਹਾਂ ਕਿਹਾ, ‘‘ਖੇਡ ਮੰਤਰੀ ਨੇ ਅੱਜ ਖੇਡ ਰਾਜ ਮੰਤਰੀ ਨਾਲ ਓਲੰਪਿਕ ਭਵਨ ਦਾ ਦੌਰਾ ਕੀਤਾ ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਆਈਓਏ ਅਤੇ ਪੈਰਿਸ ਓਲੰਪਿਕ ਖੇਡਾਂ ਦੀਆਂ ਤਿਆਰੀਆਂ ਬਾਰੇ ਜਾਣਨਾ ਚਾਹੁੰਦੇ ਸੀ।’

Related Post