ਪੀ. ਐਸ. ਪੀ. ਸੀ. ਐਲ. ਵੱਲੋਂ ਨਵਾਂ ਰਿਕਾਰਡ ਕਾਇਮ, ਬਿਜਲੀ ਸਪਲਾਈ ਵਿੱਚ 13% ਵਾਧਾ ਦਰਜ: ਹਰਭਜਨ ਸਿੰਘ ਈ. ਟੀ. ਓ.
- by Jasbeer Singh
- January 20, 2025
ਪੀ. ਐਸ. ਪੀ. ਸੀ. ਐਲ. ਵੱਲੋਂ ਨਵਾਂ ਰਿਕਾਰਡ ਕਾਇਮ, ਬਿਜਲੀ ਸਪਲਾਈ ਵਿੱਚ 13% ਵਾਧਾ ਦਰਜ: ਹਰਭਜਨ ਸਿੰਘ ਈ. ਟੀ. ਓ. ਪਛਵਾੜਾ ਕੋਲ ਖਾਣ ਦੇ ਮਹੱਤਵਪੂਰਨ ਯੋਗਦਾਨ ਸਦਕਾ ਕੋਲੇ ਦੀ ਢੁਕਵੀਂ ਸਪਲਾਈ ਹੋਈ ਯਕੀਨੀ ਚੰਡੀਗੜ੍ਹ, 20 ਜਨਵਰੀ : ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਐਲਾਨ ਕੀਤਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐਸ. ਪੀ. ਸੀ. ਐਲ) ਵੱਲੋਂ 19 ਜਨਵਰੀ, 2025 ਤੱਕ 66914 ਮਿਲੀਅਨ ਯੂਨਿਟਾਂ ਦੀ ਰਿਕਾਰਡ ਬਿਜਲੀ ਸਪਲਾਈ ਕੀਤੀ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 13% ਵੱਧ ਹੈ। ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਪ੍ਰਾਪਤੀ ਬਿਜਲੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਪੰਜਾਬ ਦੇ ਲੋਕਾਂ ਅਤੇ ਉਦਯੋਗਾਂ ਦੀਆਂ ਵੱਧ ਰਹੀਆਂ ਬਿਜਲੀ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਪੀ. ਐਸ. ਪੀ. ਸੀ. ਐਲ. ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਦਰਸਾਉਂਦਾ ਹੈ । ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਦੱਸਿਆ ਕਿ ਵਿੱਤੀ ਸਾਲ 2024-25 ਦੌਰਾਨ ਬਿਜਲੀ ਦੀ ਸੱਭ ਤੋਂ ਵੱਧ ਮੰਗ 16058 ਮੈਗਾਵਾਟ ਨੂੰ ਪੂਰਾ ਕੀਤਾ ਗਿਆ, ਜੋ ਕਿ ਪਿਛਲੇ ਵਿੱਤੀ ਸਾਲ ਨਾਲੋਂ 5 ਫੀਸਦੀ ਵੱਧ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਪੀ. ਐਸ. ਪੀ. ਸੀ. ਐਲ. ਨੇ ਪੰਜਾਬ ਦੇ ਸਾਰੇ ਵਰਗਾਂ ਦੇ ਖਪਤਕਾਰਾਂ ਨੂੰ ਬਿਨਾਂ ਕਿਸੇ ਬਿਜਲੀ ਕੱਟ ਦੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਹੈ । ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਪੀ. ਐਸ. ਪੀ. ਸੀ. ਐਲ. ਦੁਆਰਾ ਕੀਤੇ ਢੁਕਵੇਂ ਪ੍ਰਬੰਧਾਂ ਦੇ ਕਾਰਨ ਸੰਭਵ ਹੋ ਸਕੀ, ਜੋ ਭਰੋਸੇਯੋਗ ਬਿਜਲੀ ਸਪਲਾਈ ਪ੍ਰਦਾਨ ਕਰਨ ਲਈ ਨਿਗਮ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ । . ਕੋਲੇ ਦੀ ਉਪਲਬਧਤਾ ਬਾਰੇ ਬਿਜਲੀ ਮੰਤਰੀ ਨੇ ਦੱਸਿਆ ਕਿ ਪੀ. ਐਸ. ਪੀ. ਸੀ. ਐਲ. ਨਿਯਮਤ ਅਤੇ ਲੋੜੀਂਦੀ ਸਪਲਾਈ ਨੂੰ ਯਕੀਨੀ ਬਣਾ ਰਿਹਾ ਹੈ, ਜਿਸ ਦੇ ਨਤੀਜੇ ਵਜੋਂ ਤਿੰਨੋਂ ਸਰਕਾਰੀ ਥਰਮਲ ਪਲਾਂਟਾਂ ਵਿੱਚ ਸਟਾਕ ਦਾ ਚੰਗਾ ਪ੍ਰਬੰਧ ਹੈ । ਉਨ੍ਹਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਲਈ ਮੌਜੂਦਾ ਸਟਾਕ ਪੱਧਰ 42 ਦਿਨ, ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਲਈ 28 ਦਿਨ ਅਤੇ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਲਈ 40 ਦਿਨ ਹੈ । ਉਨ੍ਹਾਂ ਕਿਹਾ ਕਿ ਪੀ. ਐਸ. ਪੀ. ਸੀ. ਐਲ. ਆਉਣ ਵਾਲੇ ਝੋਨੇ ਦੇ ਸੀਜ਼ਨ ਦੌਰਾਨ ਲੋੜ ਅਨੁਸਾਰ ਕੋਲੇ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਿਹਾ ਹੈ । ਬਿਜਲੀ ਮੰਤਰੀ ਨੇ ਦੱਸਿਆ ਕਿ ਪਛਵਾੜਾ ਕੋਲਾ ਖਾਣ ਚੰਗੀ-ਗੁਣਵੱਤਾ ਵਾਲੇ ਕੋਲੇ ਦੀ ਨਿਰੰਤਰ ਸਪਲਾਈ ਪ੍ਰਦਾਨ ਕਰਦਿਆਂ ਰਾਜ ਦੇ ਬਿਜਲੀ ਖੇਤਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ । ਉਨ੍ਹਾਂ ਕਿਹਾ ਕਿ ਸਾਲ 2024-25 ਦੌਰਾਨ 19 ਜਨਵਰੀ, 2025 ਤੱਕ ਇਸ ਖਾਣ ਤੋਂ 1306 ਰੈਕਾਂ ਰਾਹੀਂ 56 ਲੱਖ ਟਨ ਕੋਲੇ ਦੀ ਸਪਲਾਈ ਕੀਤੀ ਗਈ । ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਸਤੀਆਂ ਦਰਾਂ 'ਤੇ ਨਿਰੰਤਰ, ਉੱਚ-ਗੁਣਵੱਤਾ ਵਾਲੀ ਬਿਜਲੀ ਪ੍ਰਦਾਨ ਕਰਨ ਦੀ ਵਚਨਬੱਧਤਾ ਦੁਹਰਾਉਂਦਿਆਂ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਕਿਹਾ ਕਿ ਪੀ. ਐੱਸ. ਪੀ. ਸੀ. ਐੱਲ. ਪੰਜਾਬ ਦੇ ਲੋਕਾਂ ਅਤੇ ਉਦਯੋਗਾਂ ਦੀਆਂ ਵਧਦੀਆਂ ਬਿਜਲੀ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਸਬੰਧੀ ਲੋੜੀਂਦੇ ਪ੍ਰਬੰਧ ਲਗਾਤਾਰ ਮਜ਼ਬੂਤੀ ਨਾਲ ਕੀਤੇ ਜਾਂਦੇ ਹਨ ।
Related Post
Popular News
Hot Categories
Subscribe To Our Newsletter
No spam, notifications only about new products, updates.