

ਪੰਜਾਬੀ ਯੂਨੀਵਰਸਿਟੀ ਵਿਖੇ ਚਿੱਤਰ ਪ੍ਰਦਰਸ਼ਨੀ ਸ਼ੁਰੂ -ਸ੍ਰ. ਸੋਭਾ ਸਿੰਘ ਫ਼ਾਈਨ ਆਰਟਸ ਵਿਭਾਗ ਦੇ ਵਿਦਿਆਰਥੀਆ ਵੱਲੋਂ ਬਣਾਏ ਚਿੱਤਰ ਕੀਤੇ ਜਾ ਰਹੇ ਹਨ ਪ੍ਰਦਰਸ਼ਿਤ ਪਟਿਆਲਾ, 24 ਅਪ੍ਰੈਲ : ਪੰਜਾਬੀ ਯੂਨੀਵਰਸਿਟੀ ਦੇ ਸ੍ਰ. ਸੋਭਾ ਸਿੰਘ ਫ਼ਾਈਨ ਆਰਟਸ ਵਿਭਾਗ ਅਤੇ ਅਜਾਇਬ ਘਰ ਅਤੇ ਕਲਾ ਗੈਲਰੀ ਵੱਲੋਂ ਆਪਣੇ ਵਿਦਿਆਰਥੀਆਂ ਵੱਲੋਂ ਬਣਾਏ ਚਿੱਤਰਾਂ ਦੀ 30ਵੀਂ ਸਲਾਨਾ ਕਲਾ ਪ੍ਰਦਰਸ਼ਨੀ ਲਗਾਈ ਗਈ। ਕਲਾ ਪ੍ਰਦਰਸ਼ਨੀ ਦਾ ਉਦਘਾਟਨ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਵੱਲੋਂ ਕੀਤਾ ਗਿਆ। ਪ੍ਰੋ. ਸੰਜੀਵ ਪੁਰੀ ਨੇ ਆਪਣੇ ਉਦਘਾਟਨੀ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਕੋਮਲ ਕਲਾਵਾਂ ਨਾਲ਼ ਜੁੜੇ ਰਹਿਣ ਅਤੇ ਇਸ ਕਲਾ ਦੀ ਸਮਰਥਾ ਦਾ ਲਾਭ ਉਠਾਉਣ ਹਿਤ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਗਿਆਨ ਦੇ ਵਿਦਿਆਰਥੀ ਹੋਣ ਨਾਤੇ ਪਹਿਲਾਂ ਉਨ੍ਹਾਂ ਨੂੰ ਲਗਦਾ ਸੀ ਕਿ ਹਰੇਕ ਚਿੱਤਰ ਦਾ ਸਿਰਲੇਖ ਹੋਣਾ ਜ਼ਰੂਰੀ ਹੈ; ਪਰ ਕਲਾ ਪ੍ਰਦਰਸ਼ਨੀ ਵਿੱਚ ਵੱਖ-ਵੱਖ ਵੰਨਗੀ ਦੇ ਮਹੱਤਵਪੂਰਨ ਚਿੱਤਰਾਂ ਨੂੰ ਸ਼ਿੱਦਤ ਨਾਲ਼ ਵੇਖ ਕੇ ਉਨ੍ਹਾਂ ਨੂੰ ਅਹਿਸਾਸ ਹੋਇਆ ਹੈ ਕਿ ਕਲਪਨਾ ਦਾ ਕੋਈ ਸਿਰਲੇਖ ਨਹੀਂ ਹੁੰਦਾ। ਉਨ੍ਹਾਂ ਵਿਦਿਆਰਥੀਆਂ ਵੱਲੋਂ ਬਣਾਏ ਗਏ ਅਹਿਮ ਚਿੱਤਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਕਲਾ ਨਾਲ਼ ਇਸੇ ਤਰ੍ਹਾਂ ਜੁੜੇ ਰਹਿਣ ਅਤੇ ਯੂਨੀਵਰਸਿਟੀ ਦਾ ਨਾਮ ਹੋਰ ਉੱਚਾ ਕਰਨ। ਰਜਿਸਟਰਾਰ ਪ੍ਰੋ. ਪੁਰੀ ਵੱਲੋਂ ਸ੍ਰ. ਸੋਭਾ ਸਿੰਘ ਫ਼ਾਈਨ ਆਰਟਸ ਵਿਭਾਗ ਵਿਖੇ ਵਿਸ਼ੇਸ਼ ਦੌਰਾ ਕਰਦਿਆਂ ਵਿਦਿਆਰਥੀਆਂ ਵੱਲੋਂ ਬਣਾਏ ਗਏ ਕੰਧ ਚਿੱਤਰਾਂ ਦੀ ਵਿਸ਼ੇਸ਼ ਪ੍ਰਸ਼ੰਸ਼ਾ ਕੀਤੀ ਗਈ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਡਾ. ਮੋਹਨ ਤਿਆਗੀ ਵੱਲੋਂ ਕੋਮਲ ਕਲਾਵਾਂ ਦੀ ਅਹਿਮੀਅਤ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਦੌਰ ਵਿੱਚ ਬਦਲਦੇ ਇਸ ਦੇ ਸਰੂਪ ਬਾਰੇ ਅਹਿਮ ਨੁਕਤੇ ਸਾਂਝੇ ਕੀਤੇ ਗਏ। ਉਨ੍ਹਾਂ ਕਿਹਾ ਕਿ ਕਲਾ ਨੂੰ ਹਮੇਸ਼ਾ ਲੋਕਾਈ ਦੇ ਪੱਖ ਵਿੱਚ ਭੁਗਤਣਾ ਚਾਹੀਦਾ ਹੈ। ਮੰਡੀ ਦੇ ਪੱਖ ਵਿੱਚ ਭੁਗਤਣ ਵਾਲ਼ੀ ਕਲਾ ਆਪਣੀ ਸੁੱਚਤਾ ਗੁਆ ਲੈਂਦੀ ਹੈ। ਵਿਭਾਗ ਮੁਖੀ ਪ੍ਰੋ. ਅੰਬਾਲਿਕਾ ਸੂਦ ਜੈਕਬ ਨੇ ਸਵਾਗਤੀ ਭਾਸ਼ਣ ਦੌਰਾਨ ਦੱਸਿਆ ਕਿ ਇਹ ਕਲਾ ਪ੍ਰਦਰਸ਼ਨੀ ਪਿਛਲੇ ਸਾਲ ਚਲਾਣਾ ਕਰ ਗਏ ਵਿਭਾਗ ਦੇ ਸਾਬਕਾ ਤਕਨੀਕੀ ਸੁਪਰਵਾਈਜ਼ਰ ਡਾ. ਸੁਖਰੰਜਨ ਕੌਰ ਚੀਮਾ ਅਤੇ ਉੱਘੇ ਕਲਾ ਇਤਿਹਾਸਕਾਰ ਪ੍ਰੋ. ਬੀ. ਐੱਨ. ਗੋਸਵਾਮੀ ਨੂੰ ਸਮਰਪਿਤ ਸੀ। ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰੋ. ਬੀ. ਐੱਨ. ਗੋਸਵਾਮੀ ਵੱਲੋਂ ਆਪਣੇ ਵਿਜ਼ਟਿੰਗ ਪ੍ਰੋਫ਼ੈਸਰ ਦੇ ਕਾਰਜਕਾਲ ਦੌਰਾਨ ਮਿਨੀਏਚਰ ਵਿਸ਼ੇ ਦੀ ਸ਼ੁਰੂਆਤ ਕੀਤੀ ਗਈ ਸੀ। ਪ੍ਰਦਰਸ਼ਨੀ ਦੌਰਾਨ ਡਾ. ਕਵਿਤਾ ਸਿੰਘ, ਡਾ. ਸਰਬਜੀਤ ਸਿੰਘ, ਡਾ. ਅਤਿੰਦਰਪਾਲ ਸਿੰਘ, ਮਿਸ ਪ੍ਰਭਦੀਪ ਕੌਰ, ਮਿਸ ਅਰਚਨਾ ਸ਼ਰਮਾ, ਮਿਸ ਮਨਪ੍ਰੀਤ ਕੌਰ ਤੋਂ ਇਲਾਵਾ ਅਜਾਇਬ ਘਰ ਦੇ ਕਰਮਚਾਰੀ ਹਰਦੀਪ ਕੌਰ ਆਦਿ ਹਾਜ਼ਰ ਰਹੇ।
Related Post
Popular News
Hot Categories
Subscribe To Our Newsletter
No spam, notifications only about new products, updates.