
ਵਿਜੇ ਮਰਚੈਂਟ ਟਰਾਫੀ ਵਿੱਚ ਪਟਿਆਲੇ ਦੇ ਕ੍ਰਿਕਟ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
- by Jasbeer Singh
- January 27, 2025

ਵਿਜੇ ਮਰਚੈਂਟ ਟਰਾਫੀ ਵਿੱਚ ਪਟਿਆਲੇ ਦੇ ਕ੍ਰਿਕਟ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਪਟਿਆਲਾ : ਪੰਜਾਬ ਦੀ ਕ੍ਰਿਕਟ ਟੀਮ ਅੰਡਰ 16 ਵਿੱਚ ਪਟਿਆਲਾ ਦੇ ਕ੍ਰਿਕਟ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਕ੍ਰਿਕਟ ਹਬ ਪਟਿਆਲਾ ਦੇ ਕੋਚ ਕਮਲ ਸੰਧੂ ਨੇ ਦੱਸਿਆ ਕਿ ਵਿਜੇ ਮਰਚੈਂਟ ਟਰਾਫੀ ਵਿੱਚ ਪੰਜਾਬ ਦੀ ਕ੍ਰਿਕਟ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ । ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੱਥੇ ਪਟਿਆਲਾ ਦੇ ਗੇਂਦਬਾਜ਼ ਸ਼ਕੇਸ਼ ਨੇ ਕੁਆਟਰ ਫਾਈਨਲ ਵਿੱਚ ਪੰਜਾਬ ਵੱਲੋਂ ਖੇਡਦਿਆਂ ਕਰਨਾਟਕਾ ਦੇ ਖਿਲਾਫ 25 ਓਵਰਾਂ ਵਿੱਚ 31 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆ । ਸੈਮੀਫਾਈਨਲ ਮੈਚ ਵਿੱਚ ਮੱਧ ਪ੍ਰਦੇਸ਼ ਦੀ ਕ੍ਰਿਕਟ ਟੀਮ ਖਿਲਾਫ ਪਟਿਆਲਾ ਦੇ ਉਮੇਸ਼ ਗਿੱਲ ਨੇ 398 ਗੇਂਦਾਂ ਦਾ ਸਾਹਮਣਾ ਕਰਦਿਆਂ 189 ਸ਼ਾਨਦਾਰ ਦੌੜਾ ਬਣਾਈਆਂ, ਜਿਸ ਦੀ ਬਦੌਲਤ ਪੰਜਾਬ ਨੇ ਮੱਧ ਪ੍ਰਦੇਸ਼ ਖਿਲਾਫ ਜਿੱਤ ਹਾਸਿਲ ਕਰਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ। ਪਟਿਆਲਾ ਦੀ ਕ੍ਰਿਕਟ ਹੱਬ ਦੇ ਹੀ ਖਿਡਾਰੀ ਸਾਹਿਬਜੋਤ ਨੇ ਫਾਈਨਲ ਮੈਚ ਵਿੱਚ ਉੱਤਰ ਪ੍ਰਦੇਸ਼ ਖਿਲਾਫ 26 ਓਵਰਾਂ ਵਿੱਚ 98 ਦੌੜਾਂ ਦੇ ਕੇ ਛੇ ਵਿਕਟਾਂ ਹਾਸਿਲ ਕੀਤੀਆਂ ਤੇ 47 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ । ਕੋਚ ਕਮਲ ਸੰਧੂ ਨੇ ਅੱਗੇ ਦੱਸਿਆ ਕਿ ਉਹ ਪਟਿਆਲਾ ਦੇ ਕ੍ਰਿਕਟ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਨ ਤੇ ਉਨਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਪਟਿਆਲਾ ਦੇ ਖਿਡਾਰੀਆਂ ਨੇ ਪੰਜਾਬ ਦੀ ਟੀਮ ਵਿੱਚ ਸ਼ਾਮਿਲ ਹੋ ਕੇ ਨਾਮ ਨਾਲ ਖੱਟਿਆ ਹੈ ।