post

Jasbeer Singh

(Chief Editor)

Patiala News

ਲੋਕ ਸਭਾ ਹਲਕਾ ਪਟਿਆਲਾ ਚ 32 ਸਾਲਾਂ ਬਾਅਦ ਚੋਣ ਮੈਦਾਨ ’ਚ ਉੱਤਰੇਗਾ ਭਾਜਪਾ ਦਾ ਉਮੀਦਵਾਰ, ਪ੍ਰਨੀਤ ਕੌਰ ਨੇ ਵਧਾਈਆਂ ਸਰਗ

post-img

ਭਾਰਤੀ ਜਨਤਾ ਪਾਰਟੀ 32 ਸਾਲਾਂ ਬਾਅਦ ਲੋਕ ਸਭਾ ਹਲਕਾ ਪਟਿਆਲਾ ਦੇ ਚੋਣ ਮੈਦਾਨ ਵਿਚ ਆਪਣਾ ਉਮੀਦਵਾਰ ਉਤਾਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਗੱਠਜੋੜ ਦੇ ਚੱਲਦਿਆਂ ਇਸ ਹਲਕੇ ਦੀ ਉਮੀਦਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਰਹੀ ਹੈ। 67 ਸਾਲਾਂ ’ਚ 17 ਵਾਰ ਹੋਈ ਲੋਕ ਸਭਾ ਚੋਣ ਵਿਚ ਭਾਰਤੀ ਜਨਤਾ ਪਾਰਟੀ ਵੱਲੋਂ ਸਿਰਫ਼ ਇਕ ਵਾਰ ਹੀ ਆਪਣਾ ਉਮੀਦਵਾਰ ਮੈਦਾਨ ਵਿਚ ਉਤਾਰਿਆ ਗਿਆ ਹੈ। 1952 ਵਿਚ ਪਟਿਆਲਾ ਹਲਕੇ ਦੀ ਪਹਿਲੀ ਵਾਰ ਚੋਣ ਹੋਈ। 1992 ਵਿਚ ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਿਆ ਸੀ ਪਰ ਜਿੱਤ ਨਾ ਮਿਲੀ। ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ 1996 ਤੋਂ 2021 ਤੱਕ ਰਿਹਾ ਹੈ ਅਤੇ ਪਟਿਆਲਾ ਹਲਕੇ ਤੋਂ ਉਮੀਦਵਾਰੀ ਦੀ ਟਿਕਟ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਮਿਲਦੀ ਰਹੀ। ਕਈ ਦਹਾਕਿਆਂ ਬਾਅਦ ਵੱਖਰੇ ਤੌਰ ’ਤੇ ਚੋਣ ਲੜਨਾ ਭਾਜਪਾ ਲਈ ਚੁਣੌਤੀ ਭਰਿਆ ਰਹਿਣ ਵਾਲਾ ਹੈ। ਇਸ ਲਈ ਭਾਜਪਾ ਹਲਕੇ ਵਿਚ ਪਹਿਲਾਂ ਤੋਂ ਸਥਾਪਤ ਅਤੇ ਤਜਰਬੇਕਾਰ ਚਿਹਰੇ ਨੂੰ ਟਿਕਟ ਦੇਣ ਦਾ ਫ਼ੈਸਲਾ ਕਰ ਚੁੱਕੀ ਹੈ।ਦੱਸਣਯੋਗ ਹੈ ਕਿ 1992 ਦੀ ਲੋਕ ਸਭਾ ਚੋਣ ਵਿਚ ਭਾਰਤੀ ਜਨਤਾ ਪਾਰਟੀ ਨੇ ਪਟਿਆਲਾ ਹਲਕੇ ਤੋਂ ਦੀਵਾਨ ਚੰਦ ਸਿੰਗਲਾ ਨੂੰ ਪਹਿਲੀ ਵਾਰ ਆਪਣੇ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਿਆ। ਉਸ ਸਮੇਂ ਸਿੰਗਲਾ 28877 ਵੋਟਾਂ ਨਾਲ ਤੀਸਰੇ ਸਥਾਨ ’ਤੇ ਰਹੇ ਸਨ, ਜਦੋਂਕਿ ਕਾਂਗਰਸ ਦੇ ਉਮੀਦਵਾਰ ਸੰਤ ਰਾਮ 135864 ਵੋਟਾਂ ਨਾਲ ਜੇਤੂ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮਨਜੀਤ ਸਿੰਘ ਖਹਿਰਾ 32088 ਵੋਟਾਂ ਨਾਲ ਦੂਸਰੇ ਨੰਬਰ ’ਤੇ ਰਹੇ ਸਨ। ਇਸ ਤੋਂ ਬਾਅਦ ਕਦੇ ਵੀ ਇਸ ਹਲਕੇ ਵਿਚ ਭਾਰਤੀ ਜਨਤਾ ਪਾਰਟੀ ਇਕੱਲੀ ਚੋਣ ਮੈਦਾਨ ਵਿਚ ਨਹੀਂ ਉੱਤਰੀ। 1996 ’ਚ ਗੱਠਜੋੜ ਹੋਇਆ ਤੇ ਸੀਟ ਦੀ ਉਮੀਦਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ।ਪਟਿਆਲਾ ’ਚ ਗੱਠਜੋੜ ਨੂੰ ਪੰਜ ਵਾਰ ਮਿਲੀ ਹਾਰ 23 ਸਾਲਾਂ ਦੇ ਗੱਠਜੋੜ ਦੌਰਾਨ ਅਕਾਲੀ-ਭਾਜਪਾ ਗੱਠਜੋੜ ਨੇ ਸੱਤ ਵਾਰ ਆਪਣਾ ਉਮੀਦਵਾਰ ਮੈਦਾਨ ਵਿਚ ਉਤਾਰਿਆ ਜਿਸ ਵਿਚੋਂ ਸਿਰਫ਼ ਦੋ ਵਾਰ ਜਿੱਤ ਹਾਸਲ ਕੀਤੀ ਤੇ ਪੰਜ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। 1996 ਵਿਚ ਗੱਠਜੋੜ ਹੋਇਆ ਤੇ ਅਕਾਲੀ ਦਲ ਦੇ ਉਮੀਦਵਾਰ ਪੇ੍ਰਮ ਸਿੰਘ ਚੰਦੂਮਾਜਰਾ ਨੇ 316554 ਵੋਟਾਂ ਨਾਲ ਜਿੱਤ ਹਾਸਲ ਕੀਤੀ ਜਿਨ੍ਹਾਂ ਕਾਂਗਰਸ ਦੇ ਉਮੀਦਵਾਰ ਸੰਤ ਰਾਮ ਸਿੰਗਲਾ ਨੂੰ ਹਰਾਇਆ। 1998 ਵਿਚ ਮੁੜ ਲੋਕ ਸਭਾ ਹਲਕਾ ਪਟਿਆਲਾ ਦੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹੀ ਉਮੀਦਵਾਰ ਪ੍ਰੋ. ਪੇ੍ਰਮ ਸਿੰਘ ਚੰਦੂਮਾਜਰਾ ਨੇ ਦੂਸਰੀ ਵਾਰ ਜਿੱਤ ਹਾਸਲ ਕੀਤੀ। 1999 ਵਿਚ ਵੀ ਦੋਹਾਂ ਧਿਰਾਂ ਦਾ ਗੱਠਜੋੜ ਕਾਇਮ ਰਿਹਾ ਤੇ ਉਮੀਦਵਾਰੀ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਰਹੀ। 2004 ਵਿਚ ਕੈਪਟਨ ਕੰਵਲਜੀਤ ਸਿੰਘ, 2009 ਵਿਚ ਪੇ੍ਰਮ ਸਿੰਘ ਚੰਦੂਮਾਜਰਾ, 2014 ਵਿਚ ਦੀਪਇੰਦਰ ਸਿੰਘ ਢਿੱਲੋਂ ਅਤੇ 2019 ’ਚ ਸੁਰਜੀਤ ਸਿੰਘ ਗੱਠਜੋੜ ਦੇ ਉਮੀਦਵਾਰ ਵਜੋਂ ਚੋਣ ਲੜੇ ਪਰ ਕਿਸੇ ਨੂੰ ਜਿੱਤ ਹਾਸਲ ਨਾ ਹੋਈ। ਪ੍ਰਨੀਤ ਕੌਰ ਨੇ ਸਰਗਰਮੀਆਂ ਵਧਾਈਆਂ ਹਲਕੇ ਵਿਚ ਪ੍ਰਨੀਤ ਕੌਰ ਨੂੰ ਭਾਜਪਾ ਉਮੀਦਵਾਰ ਦੇ ਮਜ਼ਬੂਤ ਦਾਅਵੇਦਾਰ ਵਜੋਂ ਦੇਖਿਆ ਜਾ ਰਿਹਾ ਹੈ। ਭਾਵੇਂਕਿ ਭਾਜਪਾ ਨੇ ਹਾਲੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਕੀਤੀ ਪਰ ਸੀਨੀਅਰ ਲੀਡਰਸ਼ਿਪ ਵੱਲੋਂ ਪ੍ਰਨੀਤ ਕੌਰ ਨੂੰ ਹਲਕੇ ਤੋਂ ਚੋਣ ਲੜਾਉਣ ਦਾ ਐਲਾਨ ਕੀਤਾ ਜਾ ਚੁੱਕਾ ਹੈ। ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਪ੍ਰਨੀਤ ਕੌਰ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਮੋਤੀ ਮਹਿਲ ਵਿਚ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਤੇ ਹਲਕੇ ਵਿਚ ਵਰਕਰ ਮਿਲਣੀਆਂ ਕੀਤੀਆਂ ਜਾ ਰਹੀਆਂ ਹਨ।

Related Post