July 6, 2024 01:49:54
post

Jasbeer Singh

(Chief Editor)

Patiala News

ਹੋਲੀ ਮਗਰੋਂ ਮੌਸਮ ਚ ਤਬਦੀਲੀ ਹੋਣ ਨਾਲ ਬਿਜਲੀ ਦੀ ਮੰਗ ਵਧ ਕੇ 7500 ਮੈਗਾਵਾਟ ਤੱਕ ਪੁੱਜੀ

post-img

ਹੋਲੀ ਤੋਂ ਬਾਅਦ ਮੌਸਮ ’ਚ ਤਬਦੀਲੀ ਨਾਲ ਗਰਮੀ ਵਧਣ ਲੱਗੀ ਹੈ। ਸ਼ੁੱਕਰਵਾਰ ਨੂੰ ਤਾਪਮਾਨ 33 ਡਿਗਰੀ ਤੱਕ ਦਰਜ ਕੀਤਾ ਗਿਆ ਹੈ, ਘਰਾਂ ਤੇ ਦਫ਼ਤਰਾਂ ’ਚ ਪੱਖੇ ਅਤੇ ਏਅਰ ਕੰਡੀਸ਼ਨਰ ਚੱਲਣੇ ਸ਼ੁਰੂ ਹੋ ਗਏ ਹਨ ਜਿਸ ਨਾਲ ਸੂਬੇ ’ਚ ਬਿਜਲੀ ਦੀ ਮੰਗ ਵੀ ਵਧਣ ਲੱਗੀ ਹੈ। ਸ਼ੁੱਕਰਵਾਰ ਦੁਪਹਿਰ ਤੱਕ ਬਿਜਲੀ ਦੀ ਮੰਗ 7500 ਮੈਗਾਵਾਟ ਤੱਕ ਪੁੱਜ ਗਈ। ਇਸ ਦੌਰਾਨ ਸੂਬੇ ਅੰਦਰ ਨਿੱਜੀ ਤੇ ਸਰਕਾਰੀ ਥਰਮਲਾਂ ਸਮੇਤ ਕਰੀਬ 4800 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਗਿਆ ਹੈ ਤੇ ਬਾਕੀ ਮੰਗ ਪੂਰੀ ਕਰਨ ਲਈ ਬਿਜਲੀ ਕੇਂਦਰੀ ਪੂਲ ਤੋਂ ਲਈ ਗਈ ਹੈ। ਤਿੰਨ ਸਰਕਾਰੀ ਥਰਮਲਾਂ ਦੇ ਦਸ ’ਚੋਂ ਚਾਰ ਯੂਨਿਟ ਬੰਦ ਹਨ, ਜਿਸ ਕਰਕੇ 900 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਰਿਹਾ।ਪੀਐੱਸਪੀਸੀਐੱਲ ਕੋਲ ਦਰਜ ਅੰਕੜਿਆਂ ਅਨੁਸਾਰ ਤਿੰਨ ਸਰਕਾਰੀ ਥਰਮਲਾਂ ਤੋਂ ਕਰੀਬ 1300 ਮੈਗਾਵਾਟ ਅਤੇ ਦੋ ਨਿੱਜੀ ਥਰਮਲਾਂ ਤੋਂ ਕਰੀਬ 3040 ਮੈਗਾਵਾਟ ਬਿਜਲੀ ਹਾਸਲ ਕੀਤੀ ਗਈ ਹੈ। ਹਾਈਡ੍ਰੋ ਤੋਂ 258, ਸੋਲਰ ਅਤੇ ਨਾਨ ਸੋਲਰ ਤੋਂ 198 ਮੈਗਾਵਾਟ ਬਿਜਲੀ ਹਾਸਲ ਹੋਈ ਹੈ। 840 ਮੈਗਾਵਾਟ ਸਮਰੱਥਾ ਵਾਲੇ ਰੋਪੜ ਪਲਾਂਟ ਤੋਂ ਕਰੀਬ 380 ਮੈਗਾਵਾਟ ਬਿਜਲੀ ਉਤਪਾਦਨ ਹੋਇਆ ਹੈ। ਇਸ ਪਲਾਂਟ ਦੇ ਚਾਰ ’ਚੋਂ ਦੋ ਯੂਨਿਟ ਬੰਦ ਹਨ। ਯੂਨਿਟ ਨੰਬਰ 5 ਤੋਂ 200 ਮੈਗਾਵਾਟ ਅਤੇ ਯੂਨਿਟ ਨੰਬਰ ਛੇ ਤੋਂ ਕਰੀਬ 180 ਮੈਗਾਵਾਟ ਬਿਜਲੀ ਉਤਪਾਦਨ ਹੋਇਆ। 920 ਮੈਗਾਵਾਟ ਸਮਰੱਥਾ ਵਾਲੇ ਲਹਿਰਾ ਮੁਹਬਤ ਪਲਾਂਟ ਤੋਂ 645 ਮੈਗਾਵਾਟ ਬਿਜਲੀ ਹਾਸਲ ਕੀਈ ਗਈ ਹੈ। ਇਸ ਦਾ ਦੋ ਨੰਬਰ ਯੂਨਿਟ ਬੰਦ ਹੈ ਜਦੋਂਕਿ ਇਕ ਨੰਬਰ ਯੂਨਿਟ ਤੋਂ 199, ਤਿੰਨ ਤੋਂ 226 ਅਤੇ ਚਾਰ ਨੰਬਰ ਯੂਨਿਟ ਤੋਂ 230 ਮੈਗਾਵਾਟ ਬਿਜਲੀ ਉਤਪਾਦਨ ਹੋਇਆ ਹੈ।ਹਾਲ ਹੀ ਵਿਚ ਸਰਕਾਰ ਵਲੋਂ ਖ਼ਰੀਦੇ ਗਏ 540 ਮੈਗਾਵਾਟ ਸਮਰੱਥਾ ਵਾਲੇ ਗੋਇੰਦਵਾਲ ਸਾਹਿਬ ਪਲਾਂਟ ਦਾ ਇਕ ਯੂਨਿਟ ਬੰਦ ਹੈ ਤੇ ਦੋ ਨੰਬਰ ਯੂਨਿਟ ਤੋਂ 252 ਮੈਗਾਵਾਟ ਬਿਜਲੀ ਹਾਸਲ ਕੀਤੀ ਗਈ ਹੈ। ਨਿੱਜੀ ਥਰਮਲਾਂ ’ਚੋਂ ਰਾਜਪੁਰਾ ਸਥਿਤ 1400 ਮੈਗਾਵਾਟ ਸਮਰੱਥਾ ਵਾਲੇ ਨਾਭਾ ਪਾਵਰ ਪਲਾਂਟ ਦੇ ਦੋਵੇਂ ਯੂਨਿਟਾਂ ਤੋਂ ਕ੍ਰਮਵਾਰ 630 ਤੇ 679 ਕੁੱਲ 1319 ਮੈਗਾਵਾਟ ਅਤੇ 1980 ਮੈਗਾਵਾਟ ਸਮਰੱਥਾ ਵਾਲੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨ ਯੂਨਿਟਾਂ ਤੋਂ ਕ੍ਰਮਵਾਰ 523, 542 ਤੇ 574 ਕੁੱਲ 1720 ਮੈਗਾਵਾਟ ਬਿਜਲੀ ਉਤਪਾਦਨ ਹੋਇਆ ਹੈ। ਆਉਣ ਲੱਗੀਆਂ ਬਿਜਲੀ ਬੰਦ ਹੋਣ ਦੀਆਂ ਸ਼ਿਕਾਇਤਾਂ ਗਰਮੀ ਵਧਣ ਦੇ ਨਾਲ ਬਿਜਲੀ ਬੰਦ ਦੀਆਂ ਸ਼ਿਕਾਇਤਾਂ ਵੀ ਵਧਣ ਲੱਗੀਆਂ ਹਨ। ਪ੍ਰਾਪਤ ਅੰਕੜਿਆਂ ਅਨੁਸਾਰ 25 ਮਾਰਚ ਨੂੰ ਪੀਐੱਸਪੀਸੀਐੱਲ ਕੋਲ ਬਿਜਲੀ ਬੰਦ ਸਬੰਧੀ 11 ਹਜ਼ਾਰ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ। 26 ਮਾਰਚ ਨੂੰ 18 ਹਜ਼ਾਰ, 27 ਮਾਰਚ ਨੂੰ 22 ਹਜ਼ਾਰ, 28 ਮਾਰਚ ਨੂੰ ਕਰੀਬ 21 ਹਜ਼ਾਰ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਹਨ। ਸ਼ੁੱਕਰਵਾਰ 29 ਮਾਰਚ ਨੂੰ ਸ਼ਾਮ ਪੰਜ ਵਜੇ ਤੱਕ 15 ਹਜ਼ਾਰ ਦੇ ਕਰੀਬ ਸ਼ਿਕਾਇਤਾਂ ਮਿਲੀਆਂ ਹਨ। ਇਸ ਦੌਰਾਨ ਪੰਜਾਬ ਭਰ ’ਚ 16 ਫੀਡਰਾਂ ਤੋਂ 2 ਘੰਟੇ, 10 ਫੀਡਰਾਂ ਤੋਂ 2 ਤੋਂ ਚਾਰ ਘੰਟੇ, ਤਿੰਨ ਫੀਡਰਾਂ ਤੋਂ ਛੇ ਘੰਟੇ ਤੱਕ ਤੇ ਤਿੰਨ ਫੀਡਰਾਂ ਤੋਂ 6 ਵੋਂ ਵੀ ਵੱਧ ਘੰਟੇ ਬਿਜਲੀ ਪ੍ਰਭਾਵਿਤ ਰਹੀ ਹੈ। ਸਭ ਤੋਂ ਵੱਧ ਸ਼ਿਕਾਇਤਾਂ 1096 ਬਠਿੰਡਾ ਤੇ ਸਭ ਤੋਂ ਘੱਟ ਪੰਜ ਸ਼ਿਕਾਇਤਾਂ ਸੰਗਰੂਰ ਦੇ ਦਿੜ੍ਹਬਾ ਤੋਂ ਦਰਜ ਕੀਤੀਆਂ ਗਈਆਂ ਹਨ।

Related Post