
ਸੂਰਜੇਵਾਲਾ ਦੀ ਐਮ. ਪੀ. ਹੇਮਾ ਮਾਲਿਨੀ ਨੂੰ ਟਿੱਪਣੀ ਦੇਸ਼ ਦੀਆਂ ਮਹਿਲਾਵਾਂ ਦਾ ਅਪਮਾਨ : ਜੈਇੰਦਰ ਕੌਰ
- by Jasbeer Singh
- April 4, 2024

ਪਟਿਆਲਾ, 4 ਅਪ੍ਰੈਲ (ਜਸਬੀਰ)-ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੀਨੀਅਰ ਆਗੂ ਅਤੇ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਜੈ ਇੰਦਰ ਕੌਰ ਨੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਸੀਨੀਅਰ ਆਗੂ ਰਣਦੀਪ ਸੁਰਜੇਵਾਲਾ ਵੱਲੋਂ ਭਾਜਪਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਵਿਰੁੱਧ ਕੀਤੀ ਅਸਲੀਲ ਟਿੱਪਣੀ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਰਜੇਵਾਲਾ ਦੀ ਟਿੱਪਣੀ ਦੇਸ਼ ਦੀਆਂ ਮਹਿਲਾਵਾਂ ਦਾ ਅਪਮਾਨ ਹੈ। ਸੂਰਜੇਵਾਲਾ ਦੀ ਇਹ ਟਿੱਪਣੀ ਸਪਸ਼ਟ ਕਰਦੀ ਹੈ ਕਿ ਕਾਂਗਰਸ ਦਾ ਚਿਹਰਾ ਮਹਿਲਾ ਵਿਰੋਧੀ ਹੈ ਅਤੇ ਇਸ ਦੀ ਸੋਚ ਬੇਹੱਦ ਘਟੀਆ ਹੈ। ਉਨ੍ਹਾਂ ਕਿਹਾ ਕਿ ਹੇਮਾ ਮਾਲਿਨੀ ਦਾ ਨਾਮ ਸੰਸਾਰ ਭਰ ਵਿਚ ਇਜ਼ਤ ਨਾਲ ਲਿਆ ਜਾਂਦਾ ਹੈ। ਉਹ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਕਾਮਯਾਬ ਹੋਈ ਮਹਿਲਾ ਹੈ। ਬਾਲੀਵੁਡ ਵਿਚ ਹੇਮਾ ਮਾਲਿਨੀ ਦਾ ਡੰਕਾ ਬੋਲਦਾ ਹੈ। ਬਤੌਰ ਐਮ. ਪੀ. ਵੀ ਉਨ੍ਹਾਂ ਬਿਹਤਰੀਨ ਕਾਰਜ ਕੀਤਾ ਹੈ ਅਤੇ ਲੱਖਾਂ ਵੋਟ ਨਾਲ ਜਿੱਤ ਕੇ ਲੋਕ ਸਭਾ ਵਿਚ ਪਹੁੰਚੇ ਹਨ। ਜੈਇੰਦਰ ਕੌਰ ਨੇ ਕਿਹਾ ਕਿ ਕਾਂਗਰਸ ਨੂੰ ਇਹ ਟਿੱਪਣੀ ਮਹਿੰਗੀ ਪਵੇਗੀ ਅਤੇ ਆਉਣ ਵਾਲੀਆਂ ਚੋਣਾਂ ਵਿਚ ਜਨਤਾ ਕਾਂਗਰਸ ਪਾਰਟੀ ਨੂੰ ਸਬਕ ਸਿਖਾਏਗੀ।