ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਭਾਰਤੀ ਕ੍ਰਿਕਟ ਟੀਮ ਦੇ ਮੈਂਬਰਾਂ ਨਾਲ ਫੋਨ ’ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਟੀ-20 ਵਿਸ਼ਵ ਕੱਪ ਜਿੱਤਣ ’ਤੇ ਵਧਾਈ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮੋਦੀ ਨੇ ਭਾਰਤੀ ਕ੍ਰਿਕਟਰ ਰੋਹਿਤ ਸ਼ਰਮਾ ਨੂੰ ਉਸ ਦੀ ਸ਼ਾਨਦਾਰ ਕਪਤਾਨੀ ਲਈ ਵਧਾਈ ਦਿੱਤੀ ਅਤੇ ਉਸ ਦੇ ਟੀ-20 ਕਰੀਅਰ ਦੀ ਸ਼ਲਾਘਾ ਕੀਤੀ। ਉਨ੍ਹਾਂ ਫਾਈਨਲ ਮੈਚ ਵਿੱਚ ਵਿਰਾਟ ਕੋਹਲੀ ਦੀ ਪਾਰੀ ਦੀ ਵੀ ਤਾਰੀਫ਼ ਕੀਤੀ ਅਤੇ ਭਾਰਤੀ ਕ੍ਰਿਕਟ ਵਿੱਚ ਉਸ ਦੇ ਯੋਗਦਾਨ ਨੂੰ ਸਲਾਹਿਆ। ਸ਼ਰਮਾ ਅਤੇ ਕੋਹਲੀ ਦੋਵਾਂ ਨੇ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕ੍ਰਿਕਟ ਦੀ ਇਸ ਵੰਨਗੀ ਦੇ ਕੌਮਾਂਤਰੀ ਮੈਚਾਂ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਫਾਈਨਲ ਮੈਚ ਦੇ ਆਖਰੀ ਓਵਰ ਲਈ ਹਾਰਦਿਕ ਪਾਂਡਿਆ ਅਤੇ ਬਾਊਂਡਰੀ ’ਤੇ ਡੇਵਿਡ ਮਿਲਰ ਦਾ ਕੈਚ ਲੈਣ ਲਈ ਸੂਰਿਆਕੁਮਾਰ ਯਾਦਵ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਜਸਪ੍ਰੀਤ ਬੁਮਰਾਹ ਦੇ ਯੋਗਦਾਨ ਬਾਰੇ ਵੀ ਗੱਲਬਾਤ ਕੀਤੀ। ਪ੍ਰਧਾਨ ਮੰਤਰੀ ਨੇ ਭਾਰਤੀ ਕ੍ਰਿਕਟ ਵਿੱਚ ਯੋਗਦਾਨ ਲਈ ਕੋਚ ਰਾਹੁਲ ਦ੍ਰਾਵਿੜ ਦਾ ਧੰਨਵਾਦ ਕੀਤਾ। ਮੋਦੀ ਨੇ ‘ਐਕਸ’ ’ਤੇ ਰੋਹਿਤ ਨੂੰ ਕਿਹਾ, “ਤੁਹਾਡੀ ਸੋਚ, ਹਮਲਾਵਰ ਬੱਲੇਬਾਜ਼ੀ ਅਤੇ ਕਪਤਾਨੀ ਨੇ ਭਾਰਤੀ ਟੀਮ ਨੂੰ ਨਵੀਂ ਦਿਸ਼ਾ ਦਿੱਤੀ ਹੈ। ਤੁਹਾਡਾ ਟੀ-20 ਕਰੀਅਰ ਹਮੇਸ਼ਾ ਯਾਦ ਰਹੇਗਾ। ਅੱਜ ਤੁਹਾਡੇ ਨਾਲ ਗੱਲ ਕਰਕੇ ਖੁਸ਼ੀ ਹੋਈ।’’ ਉਨ੍ਹਾਂ ਕਿਹਾ ਕਿ ਸਾਰੀ ਟੀਮ ਨੇ ਪੂਰੇ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਲਈ ਉਹ ਵਧਾਈ ਦੀ ਹੱਕਦਾਰ ਹੈ। ਹਰਫਨਮੌਲਾ ਰਵਿੰਦਰ ਜਡੇਜਾ ਵੱਲੋਂ ਵੀ ਟੀ-20 ਕੌਮਾਂਤਰੀ ਕ੍ਰਿਕਟ ’ਚੋਂ ਸੰਨਿਆਸ ਲੈਣ ਦੇ ਐਲਾਨ ਮਗਰੋਂ ਮੋਦੀ ਨੇ ਕ੍ਰਿਕਟ ਵਿੱਚ ਉਸ ਦੇ ਯੋਗਦਾਨ ਦੀ ਸ਼ਲਾਘਾ ਕੀਤੀ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.