post

Jasbeer Singh

(Chief Editor)

Sports

ਪੰਜਾਬੀ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ਾਂ ਨੇ 2024 ਵਲਡ ਯੂਨੀਵਰਸਿਟੀ ਚੈਂਪੀਅਨਸਿ਼ਪ ਵਿੱਚ ਜਿੱਤੇ ਕੁੱਲ ਛੇ ਤਗ਼ਮੇ

post-img

ਪੰਜਾਬੀ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ਾਂ ਨੇ 2024 ਵਲਡ ਯੂਨੀਵਰਸਿਟੀ ਚੈਂਪੀਅਨਸਿ਼ਪ ਵਿੱਚ ਜਿੱਤੇ ਕੁੱਲ ਛੇ ਤਗ਼ਮੇ -ਅਰਸ਼ਦੀਪ ਕੌਰ ਦੇ ਹਿੱਸੇ ਆਏ ਤਿੰਨ ਤਗ਼ਮੇ ਪਟਿਆਲਾ, 13 ਨਵੰਬਰ : ਪੰਜਾਬੀ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ ਅਰਸ਼ਦੀਪ ਕੌਰ ਅਤੇ ਜੰਗਸ਼ੇਰ ਸਿੰਘ ਵੱਲੋਂ ਨਵੀਂ ਦਿੱਲੀ ਵਿਖੇ ਹੋਈ '2024 ਵਲਡ ਯੂਨੀਵਰਸਿਟੀ ਚੈਂਪੀਅਨਸਿ਼ਪ' ਵਿੱਚ ਜਿੱਤੇ ਗਏ ਤਿੰਨ ਤਾਜ਼ਾ ਤਗ਼ਮਿਆਂ ਨਾਲ਼ ਇਸ ਚੈਂਪੀਅਨਸਿ਼ਪ ਵਿੱਚ ਜਿੱਤੇ ਗਏ ਤਗ਼ਮਿਆਂ ਦੀ ਕੁੱਲ ਗਿਣਤੀ ਛੇ ਹੋ ਗਈ ਹੈ । ਲੰਘੇ ਕੱਲ੍ਹ ਨਿਸ਼ਾਨੇਬਾਜ਼ ਅਰਸ਼ਦੀਪ ਕੌਰ ਨੇ 25 ਮੀਟਰ ਪਿਸਟਲ ਈਵੈਂਟ ਵਿੱਚ ਟੀਮ ਵਜੋਂ ਸੋਨ ਤਗ਼ਮਾ ਜਿੱਤ ਲਿਆ ਹੈ ਅਤੇ ਅਭੇ ਸਿੰਘ ਸੇਖੋਂ ਨੇ ਵਿਅਕਤੀਗਤ ਪ੍ਰਾਪਤੀ ਵਜੋਂ ਕਾਂਸੀ ਤਗ਼ਮਾ ਜਿੱਤ ਲਿਆ ਹੈ। ਜ਼ਿਕਰਯੋਗ ਹੈ ਕਿ ਅਰਸ਼ਦੀਪ ਕੌਰ ਦਾ ਇਸ ਚੈਂਪੀਅਨਸਿਪ ਵਿੱਚ ਇਹ ਤੀਜਾ ਤਗ਼ਮਾ ਹੈ। ਇਸ ਤੋਂ ਪਹਿਲਾਂ ਉਸ ਨੇ ਟੀਮ ਵਿੱਚ ਖੇਡਦਿਆਂ ਸੋਨ ਤਗ਼ਮਾ ਅਤੇ ਵਿਅਕਤੀਗਤ ਪੱਧਰ ਉੱਤੇ ਕਾਂਸੀ ਤਗ਼ਮਾ ਜਿੱਤਿਆ ਹੈ । ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਨਿਸ਼ਾਨੇਬਾਜ਼ ਜੰਗਸ਼ੇਰ ਸਿੰਘ ਵਿਰਕ ਨੇ ਮਿਕਸ ਟੀਮ ਈਵੈਂਟ ਵਿੱਚ ਚਾਂਦੀ ਤਗ਼ਮਾ ਜਿੱਤਿਆ ਹੈ । ਇਸੇ ਹੀ ਚੈਂਪੀਅਨਸਿ਼ਪ ਵਿੱਚ ਪ੍ਰੀਕਸ਼ਿਤ ਸਿੰਘ ਬਰਾੜ ਨੇ ਸੋਨ ਤਗ਼ਮਾ ਹਾਸਲ ਕੀਤਾ ਸੀ । ਯੂਨੀਵਰਸਿਟੀ ਅਥਾਰਿਟੀ ਵੱਲੋਂ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ, ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਅਤੇ ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋ. ਅਜੀਤਾ ਨੇ ਸਮੂਹ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਸਾਹਿਬਾਨ ਸਵਰਨਜੀਤ ਕੌਰ ਅਤੇ ਸੁਰਿੰਦਰ ਕੌਰ ਸਮੇਤ ਖੇਡ ਵਿਭਾਗ ਨੂੰ ਵਧਾਈ ਦਿੱਤੀ । ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਕਿਹਾ ਕਿ ਲਗਾਤਾਰ ਤਗ਼ਮੇ ਜਿੱਤਣਾ ਯੂਨੀਵਰਸਿਟੀ ਦੇ ਖੇਡ ਵਿਭਾਗ ਦੇ ਉਸਾਰੂ ਮਾਹੌਲ ਨੂੰ ਦਰਸਾਉਂਦਾ ਹੈ । ਉਨ੍ਹਾਂ ਕਿਹਾ ਕਿ ਸਾਡੇ ਖਿਡਾਰੀ ਅਤੇ ਕੋਚ ਬੇਹੱਦ ਹੋਣਹਾਰ ਅਤੇ ਸਮਰੱਥਵਾਨ ਹਨ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਤਗ਼ਮਿਆਂ ਦੀ ਇਹ ਲੜੀ ਇਸੇ ਤਰ੍ਹਾਂ ਜਾਰੀ ਰਹੇਗੀ ।

Related Post