ਅੱਜ ਸ਼ਾਮ ਵੇਲੇ ਕਿਸੇ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਤ ਦੀ ਅਫ਼ਵਾਹ ਫੈਲਾ ਦਿੱਤੀ। ਇਸ ਮਗਰੋਂ ਇਹ ਗੱਲ ਨਾ ਸਿਰਫ਼ ਪੰਜਾਬ ਬਲਕਿ ਦਿੱਲੀ ਸਮੇਤ ਹੋਰਨਾਂ ਰਾਜਾਂ ਵਿੱਚ ਵੀ ਜੰਗਲ ਦੀ ਅੱਗ ਵਾਂਗੂ ਫੈਲ ਗਈ। ਇੱਥੋਂ ਤੱਕ ਕਿ ਕਈਆਂ ਵੱਲੋਂ ਤਾਂ ਸੋਸ਼ਲ ਮੀਡੀਆ ’ਤੇ ਵੀ ਕੈਪਟਨ ਦੀ ਫੋਟੋ ਦੇ ਥੱਲੇ ਇਹ ਲਿਖ ਕੇ ਅਪਲੋਡ ਕਰ ਦਿੱਤਾ ਗਿਆ ਕਿ ‘‘ਕੈਪਟਨ ਅਮਰਿੰਦਰ ਸਿੰਘ ਨਹੀਂ ਰਹੇ’’। ਉਂਜ ਅਜਿਹੀਆਂ ਪੋਸਟਾਂ ਖਾਸ ਕਰਕੇ ਵਟਸਐਪ ਗਰੁੱਪਾਂ ’ਚ ਹੀ ਵਧੇਰੇ ਅੱਪਲੋਡ ਅਤੇ ਫਾਰਵਰਡ ਹੋਈਆਂ ਜਿਸ ਕਰਕੇ ਇਸ ਸਬੰਧੀ ਇੱਕ ਵਾਰ ਤਾਂ ਪਟਿਆਲਵੀਆਂ ’ਚ ਵੀ ਸੋਗ ਫੈਲ ਗਿਆ। ਫਿਰ ਹੌਲੀ-ਹੌਲੀ ਜਦੋਂ ਪਤਾ ਲਗਦਾ ਗਿਆ ਕਿ ਇਹ ਖ਼ਬਰ ਸਿਰਫ਼ ਅਫ਼ਵਾਹ ਹੀ ਹੈ ਤਾਂ ਲੋਕਾਂ ਨੇ ਸ਼ੁਕਰ ਮਨਾਇਆ। ਅਸਲ ’ਚ ਇਹ ਪਹਿਲੀ ਵਾਰ ਹੈ ਕਿ ਉਹ ਭਾਜਪਾ ਵੱਲੋਂ ਚੋਣ ਲੜ ਰਹੀ ਆਪਣੀ ਪਤਨੀ ਪ੍ਰਨੀਤ ਕੌਰ ਦੇ ਹੱਕ ’ਚ ਇੱਕ ਦਿਨ ਵੀ ਪ੍ਰਚਾਰ ਕਰਨ ਨਹੀਂ ਆਏ। ਇੱਥੋਂ ਤੱਕ ਕਿ ਉਹ ਉਨ੍ਹਾਂ ਵੱਲੋਂ ਨਾਮਜ਼ਦਗੀ ਫਾਰਮ ਭਰਨ ਤੇ ਫੇਰ ਇੱਥੇ ਉਨ੍ਹਾਂ ਦੇ ਹੱਕ ’ਚ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿਚ ਵੀ ਸ਼ਾਮਲ ਨਹੀਂ ਸਨ ਹੋਏ। ਇਸ ਤੋਂ ਵੀ ਅਹਿਮ ਕਿ ਉਹ ਅੱਜ ਵੋਟ ਪਾਉਣ ਲਈ ਵੀ ਨਾ ਆਏ। ਇਸ ਦਾ ਮੁੱਖ ਕਾਰਨ ਉਨ੍ਹਾਂ ਦੀ ਸਿਹਤ ਦਾ ਨਾਸਾਜ਼ ਹੋਣਾ ਹੈ। ਉਨ੍ਹਾਂ ਦੀ ਧੀ ਜੈਇੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪੇਟ ਦੀ ਇਨਫੈਕਸ਼ਨ ਕਾਰਨ ਪਿਛਲੇ ਦਿਨੀਂ ਹਸਪਤਾਲ ਦਾਖਲ ਰਹੇ ਹਨ ਤੇ ਉਨ੍ਹਾਂ ਨੂੰ ਅਜੇ ਡਾਕਟਰਾਂ ਨੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਫਾਰਮ ਭਰਨ, ਪ੍ਰਧਾਨ ਮੰਤਰੀ ਦੀ ਰੈਲੀ ਅਤੇ ਅੱਜ ਵੋਟ ਪਾਉਣ ਲਈ ਨਾ ਆ ਸਕਣ ਦਾ ਇਹੀ ਕਾਰਨ ਹੈ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.